ਸ਼੍ਰੀਜਾ ਨੇ ਕੌਮੀ ਖਿਤਾਬ ਬਰਕਰਾਰ ਰੱਖਿਆ, ਸਾਥੀਆਨ ਦੂਜੀ ਵਾਰ ਚੈਂਪੀਅਨ
Monday, Mar 27, 2023 - 09:23 PM (IST)
ਜੰਮੂ- ਸਾਬਕਾ ਚੈਂਪੀਅਨ ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਪੱਛਮੀ ਬੰਗਾਲ ਦੀ ਸੁਤੀਰਥਾ ਮੁਖਰਜੀ ਨੂੰ 4-2 ਨਾਲ ਹਰਾ ਕੇ 84ਵੇਂ ਯੂ.ਟੀ.ਟੀ. ਅੰਤਰ-ਸੂਬਾਈ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਲਗਾਤਾਰ ਦੂਜੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। । ਪੁਰਸ਼ ਵਰਗ ਵਿੱਚ ਜੀ ਸਾਥੀਆਨ ਨੇ ਹਰਮੀਤ ਦੇਸਾਈ ਨੂੰ ਸਿੱਧੀਆਂ ਗੇਮਾਂ ਵਿੱਚ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ। ਉਸਨੇ ਪਿਛਲੀ ਵਾਰ 2021 ਵਿੱਚ ਸ਼ਰਤ ਕਮਲ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਸ਼੍ਰੀਜਾ ਅਤੇ ਸਾਥੀਆਨ ਦੋਵਾਂ ਨੂੰ 2. 75 ਲੱਖ ਰੁਪਏ ਦਿੱਤੇ ਗਏ। ਸ਼੍ਰੀਜਾ ਨੇ ਫਾਈਨਲ 9-11, 14-12, 11-7, 13-11, 6-11, 12-10 ਨਾਲ ਜਿੱਤਿਆ ਜਦਕਿ ਸਾਥੀਆਨ ਨੇ 11-9, 11-7, 11-8, 11-5 ਨਾਲ ਜਿੱਤ ਦਰਜ ਕੀਤੀ। ਪੁਰਸ਼ ਡਬਲਜ਼ ਵਿੱਚ ਪੱਛਮੀ ਬੰਗਾਲ ਦੇ ਜੀਤ ਚੰਦਰਾ ਅਤੇ ਅੰਕੁਰ ਭੱਟਾਚਾਰੀਆ ਨੇ ਤੇਲੰਗਾਨਾ ਦੇ ਮੁਹੰਮਦ ਅਲੀ ਅਤੇ ਵੰਸ਼ ਸਿੰਘਲ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਸ਼੍ਰੀਜਾ ਅਤੇ ਦੀਆ ਚਿਤਲੇ ਨੇ ਮਹਿਲਾ ਡਬਲਜ਼ ਵਿੱਚ ਜਿੱਤ ਦਰਜ ਕੀਤੀ ਜਦਕਿ ਮਾਨਵ ਠੱਕਰ ਅਤੇ ਅਰਚਨਾ ਕਾਮਥ ਨੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ।