ਜਰਮਨੀ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ’ਚ ਸਪੇਨ

Friday, Jul 25, 2025 - 12:56 AM (IST)

ਜਰਮਨੀ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ’ਚ ਸਪੇਨ

ਜਿਊਰਿਖ (ਏ. ਪੀ.)-ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਬੀਮਾਰ ਹੋਣ ਕਾਰਨ ਕੁਝ ਦਿਨ ਹਸਪਤਾਲ ’ਚ ਗੁਜ਼ਾਰਨ ਵਾਲੀ ਐਤਾਨਾ ਬੋਨਮਾਟੀ ਦੇ ਵਾਧੂ ਸਮੇਂ ’ਚ ਕੀਤੇ ਗੋਲ ਦੀ ਮਦਦ ਨਾਲ ਸਪੇਨ ਨੇ ਜਰਮਨੀ ਨੂੰ 1-0 ਨਾਲ ਹਰਾ ਕੇ ਮਹਿਲਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ (ਯੂਰੋ-2025) ਦੇ ਫਾਈਨਲ ’ਚ ਪ੍ਰਵੇਸ਼ ਕੀਤਾ, ਜਿੱਥੇ ਐਤਵਾਰ ਨੂੰ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।

ਦੋਵੇਂ ਟੀਮਾਂ ਨਿਰਧਾਰਤ ਸਮੇਂ ’ਚ ਗੋਲ ਨਹੀਂ ਕਰ ਸਕੀਆਂ ਸਨ, ਇਸ ਤੋਂ ਬਾਅਦ 2 ਵਾਰ ਦੀ ਬੈਲਨ ਡੀਓਰ ਜੇਤੂ ਬੋਨਮਾਟੀ ਨੇ ਵਾਧੂ ਸਮੇਂ ’ਚ 113ਵੇਂ ਮਿੰਟ ’ਚ ਫੈਸਲਾਕੁੰਨ ਗੋਲ ਕੀਤਾ। ਯੂਰੋ-2025 ਦਾ ਫਾਈਨਲ 2023 ’ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਦੀ ਦੋਹਰਾਈ ਹੋਵੇਗੀ। ਉਦੋਂ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ। ਸਪੇਨ ਦੀ ਜਰਮਨੀ ਖਿਲਾਫ ਇਹ ਪਹਿਲੀ ਜਿੱਤ ਸੀ । ਉਹ ਪਹਿਲੀ ਵਾਰ ਯੂਰਪੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜਾ ਹੈ। ਸਪੇਨ ਨੇ ਪਿਛਲੇ 2 ਸਾਲਾਂ ’ਚ ਵਿਸ਼ਵ ਕੱਪ ਅਤੇ ਨੇਸ਼ਨਜ਼ ਕੱਪ ਜਿੱਤੇ ਹਨ ਅਤੇ ਹੁਣ ਉਸ ਦੀ ਨਜ਼ਰ ਖਿਤਾਬ ਦੀ ਹੈਟ੍ਰਿਕ ਪੂਰੀ ਕਰਨ ’ਤੇ ਹੋਵੇਗੀ।

ਯੂਰੋ-2025 ਲਈ ਬੋਨਮਾਟੀ ਦੀਆਂ ਤਿਆਰੀਆਂ ਉਸ ਸਮੇਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਗਈਆਂ ਸੀ, ਜਦੋਂ ਟੂਰਨਾਮੈਂਟ ਤੋਂ ਇਕ ਹਫਤੇ ਤੋਂ ਵੀ ਘੱਟ ਸਮਾਂ ਪਹਿਲਾਂ ਬਾਰਸੀਲੋਨਾ ਦੀ ਮਿਡਫੀਲਡਰ ਨੂੰ ਵਾਇਰਲ ਮੈਨਿਨਜਾਈਟਿਸ ਕਾਰਨ ਹਸਪਤਾਲ ’ਚ ਭਰਤੀ ਹੋਣਾ ਪਿਆ ਸੀ। ਬੋਨਮਾਟੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਇਸ ਖੇਡ ’ਚ ਆਪਣੇ ਸਰਵੋਤਮ ਪੱਧਰ ’ਤੇ ਪੁੱਜਣਾ ਚਾਹੁੰਦੀ ਸੀ ਅਤੇ ਮੈਂ ਉਨ੍ਹਾਂ ਸਾਰੇ ਲੋਕਾਂ ਦੀ ਅਹਿਸਾਨਮੰਦ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪੱਧਰ ਤੱਕ ਪੁੱਜਣ ’ਚ ਮਦਦ ਕੀਤੀ ਕਿਉਂਕਿ ਇਕੱਲੇ ਅਜਿਹਾ ਕਰਨਾ ਸੰਭਵ ਨਹੀਂ ਸੀ।


author

Hardeep Kumar

Content Editor

Related News