ਦੱਖਣੀ ਅਫਰੀਕਾ ਨੇ ਸ਼ੁਕਰੀ ਕਾਨਰਾਡ ਨੂੰ ਸਾਰੇ ਰੂਪਾਂ ਦਾ ਕੋਚ ਕੀਤਾ ਨਿਯੁਕਤ
Saturday, May 10, 2025 - 02:26 PM (IST)

ਜੋਹਾਨਸਬਰਗ– ਦੱਖਣੀ ਅਫਰੀਕਾ ਦਾ ਟੈਸਟ ਕੋਚ ਸ਼ੁਕਰੀ ਕਾਨਰਾਡ 2027 ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਤੱਕ ਸੀਮਤ ਓਵਰ ਦੀਆਂ ਟੀਮਾਂ ਦੀ ਵੀ ਕਮਾਨ ਸੰਭਾਲੇਗਾ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਸ਼ੁੱਕਰਵਾਰ ਨੂੰ ਇੱਥੇ ਇਸਦਾ ਐਲਾਨ ਕੀਤਾ।
ਕਾਨਰਾਡ 2023 ਤੋਂ ਦੱਖਣੀ ਅਫਰੀਕਾ ਦੀ ਟੈਸਟ ਟੀਮ ਦਾ ਕੋਚ ਹੈ। ਉਹ ਸੀਮਤ ਓਵਰਾਂ ਦੀ ਟੀਮ ਵਿਚ ਰੌਬ ਵਾਲਟਰ ਦੀ ਜਗ੍ਹਾ ਲਵੇਗਾ। ਵਾਲਟਰ ਨੇ ਚੈਂਪੀਅਨਜ਼ ਟਰਾਫੀ ਤੋਂ ਬਾਅਦ ਅਪ੍ਰੈਲ ਵਿਚ ਅਸਤੀਫਾ ਦੇ ਦਿੱਤਾ ਸੀ। ਇਸ 58 ਸਾਲਾ ਕੋਚ ਦੇ ਸਾਹਮਣੇ ਸੀਮਤ ਓਵਰਾਂ ਦੇ ਰੂਪ ਵਿਚ ਪਹਿਲੀ ਚੁਣੌਤੀ ਜੁਲਾਈ ਵਿਚ ਜ਼ਿੰਬਾਬਵੇ ਤੇ ਨਿਊਜ਼ੀਲੈਂਡ ਵਿਰੁੱਧ ਟੀ-20 ਕੌਮਾਂਤਰੀ ਲੜੀ ਵਿਚ ਹੋਵੇਗੀ।
ਸੀ. ਐੱਸ. ਏ. ਦੇ ਰਾਸ਼ਟਰੀ ਟੀਮਾਂ ਤੇ ਹਾਈ ਪ੍ਰਾਫਰਮੈਂਸ ਨਿਰਦੇਸ਼ਕ ਐਨੋਚ ਐੱਨ. ਕੇ. ਨੇ ਕਿਹਾ,‘‘ਟੈਸਟ ਟੀਮ ਦੇ ਨਾਲ ਸ਼ੁਕਰੀ ਦਾ ਰਿਕਾਰਡ ਕਾਫੀ ਕੁਝ ਬਿਆਨ ਕਰਦਾ ਹੈ। ਉਸ ਨੇ ਇਕ ਠੋਸ ਨੀਂਹ ਰੱਖੀ ਤੇ ਟੈਸਟ ਰੂਪ ਵਿਚ ਟੀਮ ਨੂੰ ਕਾਫੀ ਮਜ਼ਬੂਤ ਕੀਤਾ ਹੈ। ਮੈਂ ਉਨ੍ਹਾਂ ਨੂੰ ਸੀਮਤ ਰੂਪ ਦੇ ਰੂਪਾਂ ਦੀ ਜ਼ਿੰਮੇਵਾਰੀ ਚੁੱਕਦੇ ਹੋਏ ਦੇਖਣ ਲਈ ਉਤਸ਼ਾਹਿਤ ਹਾਂ।’’
ਕਾਨਰਾਡ ਨੂੰ ਘਰੇਲੂ ਧਰਤੀ ’ਤੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਮੇਜ਼ਬਾਨੀ ਵਿਚ 2026 ਵਿਚ ਟੀ-20 ਵਿਸ਼ਵ ਕੱਪ ਵਿਚ ਟੀਮ ਨੂੰ ਸਫਲਤਾ ਦਿਵਾਉਣ ਦੀ ਚੁਣੌਤੀ ਹੋਵੇਗੀ।