ਭਾਰਤ ਵਿਰੁੱਧ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਐਲਾਨੀ ਟੀਮ
Tuesday, Oct 28, 2025 - 12:28 AM (IST)
ਜੋਹਾਨਸਬਰਗ– ਕਪਤਾਨ ਤੇਂਬਾ ਬਾਵੂਮਾ ਪਿੰਡਲੀ ਦੀ ਸੱਟ ਤੋਂ ਉੱਭਰ ਗਿਆ ਹੈ ਤੇ ਉਸ ਨੂੰ ਭਾਰਤ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਲਈ ਸੋਮਵਾਰ ਨੂੰ ਦੱਖਣੀ ਅਫਰੀਕਾ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਲੜੀ 14 ਨਵੰਬਰ ਤੋਂ ਸ਼ੁਰੂ ਹੋਵੇਗੀ ਤੇ ਇਸ ਦੇ ਮੈਚ ਗੁਹਾਟੀ ਤੇ ਕੋਲਕਾਤਾ ਵਿਚ ਖੇਡੇ ਜਾਣਗੇ।
ਬਾਵੂਮਾ ਹਾਲ ਹੀ ਵਿਚ ਪਾਕਿਸਤਾਨ ਵਿਚ ਹੋਈ ਦੋ ਮੈਚਾਂ ਦੀ ਲੜੀ ਵਿਚ ਨਹੀਂ ਖੇਡ ਸਕਿਆ ਸੀ। ਉਸ ਲੜੀ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਖਿਡਾਰੀਆਂ ਨੂੰ ਟੀਮ ਵਿਚ ਬਰਕਰਾਰ ਰੱਖਿਆ ਗਿਆ ਹੈ। ਬਾਵੂਮਾ ਮੈਚ ਅਭਿਆਸ ਦੀ ਕਮੀ ਪੂਰੀ ਕਰਨ ਲਈ 2 ਨਵੰਬਰ ਤੋਂ ਦੱਖਣੀ ਅਫਰੀਕਾ-ਏ ਤੇ ਭਾਰਤ-ਏ ਵਿਚਾਲੇ ਬੈਂਗਲੁਰੂ ਵਿਚ ਹੋਣ ਵਾਲੇ ਚਾਰ ਦਿਨਾ ਮੈਚ ਵਿਚ ਹਿੱਸਾ ਲੈ ਸਕਦਾ ਹੈ। ਇਸ ਮੈਚ ਰਾਹੀਂ ਰਿਸ਼ਭ ਪੰਤ ਵੀ ਸੱਟ ਤੋਂ ਵਾਪਸੀ ਕਰੇਗਾ।
ਦੱਖਣੀ ਅਫਰੀਕਾ ਨੇ ਸਾਈਮਨ ਹਾਰਮਰ, ਕੇਸ਼ਵ ਮਹਾਰਾਜ ਤੇ ਸੇਨੁਰਨ ਮੁਥੂਸਵਾਮੀ ਦੇ ਰੂਪ ਵਿਚ ਆਪਣੇ ਤਿੰਨ ਪ੍ਰਮੁੱਖ ਸਪਿੰਨਰਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨੇ ਪਾਕਿਸਤਾਨ ਵਿਚ ‘ਟਰਨਿੰਗ ਟ੍ਰੈਕ’ ਉੱਤੇ ਵੱਡਾ ਪ੍ਰਭਾਵ ਪਾਇਆ ਸੀ ਤੇ ਉਹ ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਧਰਤੀ ’ਤੇ ਪ੍ਰੇਸ਼ਾਨ ਕਰ ਸਕਦੇ ਹਨ। ਇਹ ਦੇਖਣਾ ਅਜੇ ਬਾਕੀ ਹੈ ਕਿ ਭਾਰਤ ਕਿਸ ਤਰ੍ਹਾਂ ਦੀਆਂ ਪਿੱਚਾਂ ਤਿਆਰ ਕਰਦਾ ਹੈ ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਵਿਰੁੱਧ ਉਸ ਨੇ ਪੂਰੀ ਤਰ੍ਹਾਂ ਨਾਲ ਟਰਨ ਲੈਣ ਵਾਲੀਆਂ ਪਿੱਚਾਂ ਦੀ ਚੋਣ ਨਹੀਂ ਕੀਤੀ ਸੀ।
ਦੱਖਣੀ ਅਫਰੀਕਾ ਦੀ ਟੀਮ : ਤੇਂਬਾ ਬਾਵੂਮਾ (ਕਪਤਾਨ), ਐਡਨ ਮਾਰਕ੍ਰਾਮ, ਰਿਆਨ ਰਿਕਲਟਨ, ਟ੍ਰਿਸਟਨ ਸਟੱਬਸ, ਕਾਇਲ ਵੇਰਿਨ, ਡੇਵਾਲਡ ਬ੍ਰੇਵਿਸ, ਜੁਬੈਰ ਹਮਜਾ, ਟੋਨੀ ਡੀ ਜਾਰਜੀ, ਕਾਰਬਿਨ ਬਾਸ਼, ਵਿਆਨ ਮੂਲਡਰ, ਮਾਰਕੋ ਜਾਨਸਨ, ਕੇਸ਼ਵ ਮਹਾਰਾਜ, ਸੇਨੁਰਨ ਮੁਥੂਸਵਾਮੀ, ਕੈਗਿਸੋ ਰਬਾਡਾ, ਸਾਈਮਨ ਹਾਰਮਰ।
