ਸੌਰਵ ਗਾਂਗੁਲੀ ਨੇ ਖ਼ਰੀਦਿਆ ਨਵਾਂ ਘਰ, ਜਾਣੋ ਕਿੰਨੀ ਹੈ ਕੀਮਤ

05/22/2022 4:57:41 PM

ਸਪੋਰਟਸ ਡੈਸਕ- ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕੋਲਕਾਤਾ 'ਚ ਆਪਣੀ ਨਵੀਂ ਰਿਹਾਇਸ਼ ਖਰੀਦੀ ਹੈ। ਉਨ੍ਹਾਂ ਦਾ ਨਵਾਂ ਦੋ ਮੰਜ਼ਿਲਾ ਮਕਾਨ ਲੋਅਰ ਰੋਡਨ ਸਟ੍ਰੀਟ, ਕੋਲਕਾਤਾ ਵਿੱਚ ਹੈ। ਉਨ੍ਹਾਂ ਨੇ ਇਹ ਘਰ 40 ਕਰੋੜ ਰੁਪਏ ਦੀ ਕੀਮਤ 'ਚ ਖ਼ਰੀਦਿਆ ਹੈ। ਗਾਂਗੁਲੀ ਪਿਛਲੇ 48 ਸਾਲਾਂ ਤੋਂ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ ਪਰ ਹੁਣ ਨਵਾਂ ਘਰ ਮਿਲਣ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਦਾ ਪਤਾ ਵੀ ਬਦਲ ਜਾਵੇਗਾ।

ਸੌਰਵ ਗਾਂਗੁਲੀ ਨੇ ਆਪਣਾ ਨਵਾਂ ਘਰ ਖਰੀਦਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਬੀ. ਸੀ. ਸੀ. ਆਈ. ਪ੍ਰਧਾਨ ਨੇ ਕਿਹਾ, 'ਮੈਂ ਆਪਣਾ ਨਵਾਂ ਘਰ ਲੈ ਕੇ ਬਹੁਤ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਇੱਥੇ ਰਹਿਣਾ ਸੁਖਾਲਾ ਹੋਵੇਗਾ ਪਰ ਮੇਰੇ ਲਈ ਸਭ ਤੋਂ ਔਖੀ ਗੱਲ ਇਹ ਹੈ ਕਿ ਮੈਂ ਉਸ ਜਗ੍ਹਾ ਨੂੰ ਛੱਡ ਰਿਹਾ ਹਾਂ ਜਿੱਥੇ ਮੈਂ ਪਿਛਲੇ 48 ਸਾਲਾਂ ਤੋਂ ਰਹਿ ਰਿਹਾ ਸੀ।' ਖਬਰਾਂ ਮੁਤਾਬਕ ਗਾਂਗੁਲੀ ਕੁਝ ਦਿਨਾਂ ਬਾਅਦ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਣਗੇ।

ਗਾਂਗੁਲੀ ਦਾ ਕ੍ਰਿਕਟ ਕਰੀਅਰ ਕਾਫੀ ਰੋਮਾਂਚਕ ਰਿਹਾ ਹੈ । ਸੌਰਵ ਗਾਂਗੁਲੀ ਆਪਣੇ ਕ੍ਰਿਕਟ ਕਰੀਅਰ ਦੌਰਾਨ ਕਾਫੀ ਸੁਰਖੀਆਂ 'ਚ ਰਹੇ ਸਨ। ਸੌਰਵ ਗਾਂਗੁਲੀ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਟੀਮ ਇੰਡੀਆ ਨੂੰ ਵਿਦੇਸ਼ਾਂ 'ਚ ਜਿੱਤਣਾ ਸਿਖਾਇਆ। ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਵਿੱਚ ਹਮਲਾਵਰਤਾ ਪੈਦਾ ਕੀਤੀ। 2003 ਵਿੱਚ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਉਨ੍ਹਾਂ ਦੀ ਕਪਤਾਨੀ ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। ਗਾਂਗੁਲੀ ਨੇ ਭਾਰਤ ਲਈ 113 ਟੈਸਟ ਮੈਚਾਂ ਵਿੱਚ 7212 ਦੌੜਾਂ ਬਣਾਈਆਂ। ਸੌਰਵ ਗਾਂਗੁਲੀ ਦੇ ਨਾਂ 311 ਵਨ-ਡੇ ਮੈਚਾਂ ਵਿੱਚ 11363 ਦੌੜਾਂ ਦਰਜ ਹਨ।


Tarsem Singh

Content Editor

Related News