ਭਾਰਤ-ਪਾਕਿ ਦੋ-ਪੱਖੀ ਕ੍ਰਿਕਟ ਸੀਰੀਜ਼ ਦੀ ਬਹਾਲੀ ਨੂੰ ਲੈ ਕੇ ਸੌਰਵ ਗਾਂਗੁਲੀ ਦਾ ਵੱਡਾ ਬਿਆਨ

Monday, Nov 15, 2021 - 06:33 PM (IST)

ਭਾਰਤ-ਪਾਕਿ ਦੋ-ਪੱਖੀ ਕ੍ਰਿਕਟ ਸੀਰੀਜ਼ ਦੀ ਬਹਾਲੀ ਨੂੰ ਲੈ ਕੇ ਸੌਰਵ ਗਾਂਗੁਲੀ ਦਾ ਵੱਡਾ ਬਿਆਨ

ਦੁਬਈ (ਵਾਰਤਾ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ਦੀ ਬਹਾਲੀ ਸਬੰਧਿਤ ਸਰਕਾਰਾਂ ਦੇ ਹੱਥ ’ਚ ਹੈ, ਨਾ ਕਿ ਕ੍ਰਿਕਟ ਬੋਰਡਾਂ ਦੇ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਈਵੈਂਟਸ ਨੂੰ ਛੱਡ ਕੇ ਦੋਵਾਂ ਗੁਆਂਢੀ ਦੇਸ਼ਾਂ ਨੂੰ ਇਕ-ਦੂਜੇ ਖ਼ਿਲਾਫ ਖੇਡੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਦੋਵਾਂ ਦੇਸ਼ਾਂ ਨੇ ਆਪਣੀ ਆਖਰੀ ਦੋ-ਪੱਖੀ ਸੀਰੀਜ਼ 2012 ’ਚ ਖੇਡੀ ਸੀ। ਪਾਕਿਸਤਾਨੀ ਟੀਮ ਨੇ ਇਸ ਭਾਰਤੀ ਦੌਰੇ ’ਤੇ ਤਿੰਨ ਵਨ ਡੇ ਅਤੇ ਦੋ ਟੀ-20 ਮੈਚ ਖੇਡੇ ਸਨ। ਵਨ ਡੇ ਸੀਰੀਜ਼ 2-1 ਨਾਲ ਪਾਕਿਸਤਾਨ ਦੇ ਨਾਂ, ਜਦਕਿ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਗਾਂਗੁਲੀ ਨੇ ਸ਼ੁੱਕਰਵਾਰ 40ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ’ਚ ਇਕ ਸਵਾਲ ਦੇ ਜਵਾਬ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਲੜੀ ਨਾ ਹੋਣ ਦੀ ਵਜ੍ਹਾ ਕੂਟਨੀਤਕ ਕਾਰਨਾਂ ਨੂੰ ਦੱਸਿਆ।

ਇਹ ਵੀ ਪੜ੍ਹੋ : ਕਾਂਗਰਸ ’ਚ ਵਾਪਸੀ ਦੇ ਦਾਅਵਿਆਂ ਨੂੰ ਕੈਪਟਨ ਨੇ ਕੀਤਾ ਖਾਰਿਜ, ਕਿਹਾ-ਗਾਂਧੀ ਪਰਿਵਾਰ ਨੂੰ ਨਹੀਂ ਮਿਲਾਂਗਾ

ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ ਦੀ ਇਜਾਜ਼ਤ ਅਤੇ ਸਹਿਮਤੀ ਦੀ ਲੋੜ ਹੈ, ਨਾ ਕਿ ਕ੍ਰਿਕਟ ਬੋਰਡਾਂ ਦੀ। ਜ਼ਿਕਰਯੋਗ ਹੈ ਕਿ ਇਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਰਮੀਜ਼ ਰਾਜਾ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ਦਾ ਆਯੋਜਨ ਕਰਨਾ ਅਸੰਭਵ ਹੈ। ਹਾਲਾਂਕਿ ਦੋਵਾਂ ਦੇਸ਼ਾਂ ਦੀਆਂ ਟੀਮਾਂ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦੇ ਲੀਗ ਪੜਾਅ ਦੇ ਸ਼ੁਰੂਆਤੀ ਮੈਚ ’ਚ ਆਹਮੋ-ਸਾਹਮਣੇ ਹੋਈਆਂ ਸਨ, ਜਿਥੇ ਪਾਕਿਸਤਾਨ ਨੇ ਆਈ.ਸੀ.ਸੀ. ਟੂਰਨਾਮੈਂਟਾਂ ਦੇ ਇਤਿਹਾਸ ’ਚ ਪਹਿਲੀ ਵਾਰ ਭਾਰਤ ਨੂੰ ਹਰਾਇਆ ਸੀ। ਪਾਕਿਸਤਾਨ ਨੇ ਫਿਰ ਆਪਣੇ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ, ਜਿਥੇ ਉਸ ਨੂੰ ਆਸਟ੍ਰੇਲੀਆ ਖਿਲਾਫ ਰੋਮਾਂਚਕ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਭਾਰਤੀ ਟੀਮ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਹਾਰਨ ਅਤੇ ਬਾਕੀ ਤਿੰਨ ਟੀਮਾਂ ਨੂੰ ਹਰਾਉਣ ਤੋਂ ਬਾਅਦ ਛੇ ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।
 


author

Manoj

Content Editor

Related News