BCCI ਪ੍ਰਧਾਨ ਗਾਂਗੁਲੀ ਤੋਂ ਟੀਮ ਇੰਡੀਆ ਦੇ ਸਾਬਕਾ ਕੋਚ ਕੁੰਬਲੇ ਨੇ ਇਸ ਖਾਸ ਮਾਮਲੇ ''ਚ ਮੰਗੀ ਮਦਦ
Friday, Oct 25, 2019 - 05:32 PM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲੇ ਦਰਜੇ ਦੇ ਕ੍ਰਿਕਟਰਾਂ 'ਤੇ ਫੋਕਸ ਕਰਨ ਦੀ ਗੱਲ ਕਰਦੇ ਹੋਏ ਉਨ੍ਹਾਂ ਲਈ ਖ਼ਾਸ ਕਦਮ ਉਠਾਉਣ ਦੀ ਗੱਲ ਕਹੀ ਸੀ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਕੋਚ ਅਨਿਲ ਕੁੰਬਲੇ ਨੇ ਸੌਰਵ ਗਾਂਗੁਲੀ ਤੋਂ ਹਿੱਤਾਂ ਦੇ ਟਕਰਾਅ ਦੇ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਹੈ।
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਅਨਿਲ ਕੁੰਬਲੇ ਨੇ ਆਪਣੇ ਬਿਆਨ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਹਿੱਤਾਂ ਦੇ ਟਕਰਾਅ ਨੂੰ ਦੇਖਣ ਦੀ ਜ਼ਰੂਰਤ ਹੈ, ਕਿਉਂਕਿ ਇਸ ਵਜ੍ਹਾ ਨਾਲ ਕਈ ਸਾਬਕਾ ਕ੍ਰਿਕਟਰਾਂ ਦਾ ਅਪਮਾਨ ਹੋਇਆ ਹੈ। ਇਸ ਦੇ ਨਿਯਮ ਅਜਿਹੇ ਬਣਾਏ ਗਏ ਹਨ, ਜੋ ਸਮਝ ਤੋਂ ਪਰੇ ਹਨ। ਇਸ ਲਈ ਇਸ ਮੁੱਦੇ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਕੁੰਬਲੇ ਨੇ ਅੱਗੇ ਕਿਹਾ, ''ਮੈਨੂੰ ਉਮੀਦ ਹੈ ਕਿ ਸਾਡੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਟੀਮ ਹਿੱਤਾਂ ਦੇ ਟਕਰਾਅ ਦੇ ਮਾਮਲਿਆਂ ਨੂੰ ਦੇਖੇਗੀ ਅਤੇ ਇਸ ਨੂੰ ਸੁਲਝਾਏਗੀ।''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਵਿਨੋਦ ਰਾਏ ਨੇ ਕਿਹਾ, ''ਅਨਿਲ ਕੁੰਬਲੇ ਬੈਸਟ ਕੋਚ ਸਨ ਅਤੇ ਜੇਕਰ ਉਨ੍ਹਾਂ ਦੇ ਕਾਂਟਰੈਕਟ 'ਚ ਕਾਰਜਕਾਲ ਅੱਗੇ ਵਧਾਉਣ ਦਾ ਨਿਯਮ ਹੁੰਦਾ ਤਾਂ ਉਸ ਨੂੰ ਵਧਾਇਆ ਜਾਂਦਾ।'' ਵਿਨੋਦ ਰਾਏ ਨੇ ਅੱਗੇ ਕਿਹਾ, ''ਮੈਂ ਅਨਿਲ ਕੁੰਬਲੇ ਦਾ ਬਹੁਤ ਸਨਮਾਨ ਕਰਦਾ ਹਾਂ।''