ਸੋਨਮ ਨੇ ਸਾਕਸ਼ੀ ਨੂੰ ਫਿਰ ਹਰਾਇਆ, ਓਲੰਪਿਕ ਕੁਆਲੀਫਾਇਰਸ ''ਚ ਜਗ੍ਹਾ ਬਣਾਈ
Wednesday, Feb 26, 2020 - 11:22 PM (IST)

ਲਖਨਊ— ਸੋਨਮ ਮਲਿਕ ਨੇ ਆਪਣਾ ਦਮ ਫਿਰ ਤੋਂ ਦਿਖਾਉਂਦੇ ਹੋਏ ਸਾਕਸ਼ੀ ਮਲਿਕ ਨੂੰ ਲਗਾਤਾਰ ਦੂਜੀ ਵਾਰ ਹਰਾਇਆ ਅਤੇ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰਸ 'ਚ ਆਪਣੀ ਜਗ੍ਹਾ ਪੱਕੀ ਕੀਤੀ। ਰੋਮ ਰੈਂਕਿੰਗ ਸੀਰੀਜ਼ ਅਤੇ ਹਾਲ ਹੀ ਵਿਚ ਸੰਪੰਨ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਣ 18 ਸਾਲਾ ਸੋਨਮ ਨੂੰ ਫਿਰ ਤੋਂ ਟ੍ਰਾਇਲਜ਼ ਵਿਚ ਹਿੱਸਾ ਲੈਣ ਲਈ ਕਿਹਾ ਗਿਆ। ਉਸ ਨੇ ਆਪਣੇ ਵੱਕਾਰੀ ਮੁੱਖ ਵਿਰੋਧੀ ਨੂੰ 62 ਕਿ. ਗ੍ਰਾ. ਵਿਚ ਚਿੱਤ ਕਰ ਕੇ ਜਿੱਤ ਦਰਜ ਕੀਤੀ।
ਸੋਨਮ ਨੇ ਪਹਿਲਾਂ ਰਾਧਿਕਾ ਨੂੰ ਹਰਾਇਆ, ਫਿਰ ਏਸ਼ੀਆਈ ਚੈਂਪੀਅਨਸ਼ਿਪ ਵਿਚ 56 ਕਿ. ਗ੍ਰਾ. ਦੀ ਸੋਨ ਤਮਗਾ ਜੇਤੂ ਸਰਿਤਾ ਮੋਰ ਨੂੰ ਸੈਮੀਫਾਈਨਲ 'ਚ 3-1 ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਉਸ ਨੇ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਨੂੰ ਫਾਈਨਲ ਵਿਚ ਚਿੱਤ ਕਰ ਕੇ ਜਿੱਤ ਦਰਜ ਕੀਤੀ।