ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਫ਼ੁੱਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰਾਲਾ ਦੇਵੇਗਾ ਮਾਲੀ ਮਦਦ
Monday, May 24, 2021 - 10:48 AM (IST)
ਸਪੋਰਟਸ ਡੈਸਕ- ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਪਰਿਵਾਰ ਦੇ ਗੁਜ਼ਾਰੇ ਲਈ ਇੱਟਂ ਦੇ ਭੱਠੇ ਉੱਤੇ ਮਜ਼ਦੂਰ ਦੇ ਰੂਪ ਵਿਚ ਕੰਮ ਕਰਨ ਲਈ ਮਜਬੂਰ ਹੋਈ ਝਾਰਖੰਡ ਦੀ ਫੁੱਟਬਾਲ ਖਿਡਾਰਨ ਸੰਗੀਤਾ ਸੋਰੇਨ ਨੂੰ ਉਨ੍ਹਾਂ ਦਾ ਵਿਭਾਗ ਜਲਦ ਦੀ ਮਾਲੀ ਮਦਦ ਮੁਹੱਈਆ ਕਰਵਾਏਗਾ। ਸੰਗੀਤਾ ਨੇ ਅੰਡਰ-18 ਤੇ ਅੰਡਰ-19 ਟੂਰਨਾਮੈਂਟਾਂ ਵਿਚ ਕ੍ਰਮਵਾਰ ਭੂਟਾਨ ਤੇ ਥਾਈਲੈਂਡ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਨੂੰ ਸੀਨੀਅਰ ਮਹਿਲਾ ਟੀਮ ਵਿਚ ਵੀ ਚੁਣਿਆ ਗਿਆ ਸੀ।
ਉਹ ਧਨਬਾਦ ਜ਼ਿਲ੍ਹੇ ਦੇ ਬਾਂਸਮੁੰਡੀ ਪਿੰਡ ਵਿਚ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੀ ਹੈ। ਰਿਜਿਜੂ ਨੇ ਟਵੀਟ ਕੀਤਾ ਕਿ ਮੈਨੂੰ ਫੁੱਟਬਾਲਰ ਸੰਗੀਤਾ ਸੋਰੇਨ ਬਾਰੇ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੇਰੇ ਦਫਤਰ ਨੇ ਉਸ ਨਾਲ ਸੰਪਰਕ ਕੀਤਾ ਤੇ ਜਲਦ ਦੀ ਆਰਥਕ ਮਦਦ ਦਿੱਤੀ ਜਾਵੇਗੀ। ਆਰਥਕ ਤੰਗੀ ਤੋਂ ਬਾਅਦ ਵੀ ਸੰਗੀਤਾ ਨੇ ਫੁੱਟਬਾਲ ਦੇ ਸੁਪਨੇ ਨੂੰ ਨਹੀਂ ਛੱਡਿਆ ਹੈ ਤੇ ਉਹ ਰੈਗੂਲਰ ਤੌਰ 'ਤੇ ਨੇੜਲੇ ਮੈਦਾਨ 'ਚ ਅਭਿਆਸ ਕਰਦੀ ਹੈ। ਸੰਗੀਤਾ ਦੇ ਪਿਤਾ ਦ੍ਰਿਸ਼ਟੀਹੀਨ ਹਨ ਤੇ ਉਨ੍ਹਾਂ ਦਾ ਵੱਡਾ ਭਰਾ ਰੋਜ਼ਗਾਰ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ।