ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ: T20I ''ਚ 4000 ਦੌੜਾਂ ਬਣਾ ਰੋਹਿਤ-ਕੋਹਲੀ ਦੇ ਖ਼ਾਸ ਕਲੱਬ ''ਚ ਹੋਈ ਸ਼ਾਮਲ

Monday, Dec 22, 2025 - 12:23 PM (IST)

ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ: T20I ''ਚ 4000 ਦੌੜਾਂ ਬਣਾ ਰੋਹਿਤ-ਕੋਹਲੀ ਦੇ ਖ਼ਾਸ ਕਲੱਬ ''ਚ ਹੋਈ ਸ਼ਾਮਲ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸ਼੍ਰੀਲੰਕਾ ਖ਼ਿਲਾਫ਼ ਖੇਡੇ ਗਏ ਪਹਿਲੇ T20 ਮੁਕਾਬਲੇ ਵਿੱਚ ਇੱਕ ਵੱਡਾ ਇਤਿਹਾਸਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਮੰਧਾਨਾ ਹੁਣ ਭਾਰਤ ਵੱਲੋਂ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 4000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ।

ਦੁਨੀਆ ਦੀ ਦੂਜੀ ਅਤੇ ਭਾਰਤ ਦੀ ਤੀਜੀ ਖਿਡਾਰਨ
ਸਮ੍ਰਿਤੀ ਮੰਧਾਨਾ ਨੇ ਆਪਣੀ 25 ਦੌੜਾਂ ਦੀ ਪਾਰੀ ਦੌਰਾਨ ਇਸ ਅੰਕੜੇ ਨੂੰ ਛੂਹਿਆ। ਮੰਧਾਨਾ ਦੁਨੀਆ ਭਰ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਦੂਜੀ ਮਹਿਲਾ ਖਿਡਾਰਨ ਹੈ। ਉਸ ਤੋਂ ਪਹਿਲਾਂ ਸਿਰਫ਼ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (4716 ਦੌੜਾਂ) ਹੀ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਜੇਕਰ ਮਰਦ ਅਤੇ ਮਹਿਲਾ ਦੋਵਾਂ ਸ਼੍ਰੇਣੀਆਂ ਦੀ ਗੱਲ ਕਰੀਏ, ਤਾਂ ਮੰਧਾਨਾ ਭਾਰਤ ਦੀ ਤੀਜੀ ਖਿਡਾਰਨ ਹੈ ਜਿਸ ਨੇ 4000 ਦਾ ਅੰਕੜਾ ਪਾਰ ਕੀਤਾ ਹੈ। ਉਸ ਤੋਂ ਪਹਿਲਾਂ ਸਿਰਫ਼ ਰੋਹਿਤ ਸ਼ਰਮਾ (4231) ਅਤੇ ਵਿਰਾਟ ਕੋਹਲੀ (4188) ਹੀ ਅਜਿਹਾ ਕਰ ਸਕੇ ਹਨ। ਮੰਧਾਨਾ ਨੇ ਹੁਣ ਤੱਕ 154 ਮੈਚਾਂ ਵਿੱਚ 4006 ਦੌੜਾਂ ਬਣਾਈਆਂ ਹਨ।

ਭਾਰਤੀ ਮਹਿਲਾ ਟੀਮ ਦੀ ਸ਼ਾਨਦਾਰ ਜਿੱਤ
ਵਿਸ਼ਾਖਾਪਟਨਮ ਵਿੱਚ ਖੇਡੇ ਗਏ ਪਹਿਲੇ T20 ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਜੇਮਿਮਾ ਨੇ 69 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ 15ਵੇਂ ਓਵਰ ਵਿੱਚ ਹੀ ਜਿੱਤ ਦਿਵਾ ਦਿੱਤੀ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਸ਼੍ਰੀਲੰਕਾ ਖ਼ਿਲਾਫ਼ ਸਭ ਤੋਂ ਵੱਧ 50+ ਸਕੋਰ ਬਣਾਉਣ ਦੇ ਮਾਮਲੇ ਵਿੱਚ ਮਿਥਾਲੀ ਰਾਜ ਦੀ ਬਰਾਬਰੀ ਕਰ ਲਈ ਹੈ ਅਤੇ ਸਮ੍ਰਿਤੀ ਮੰਧਾਨਾ ਨੂੰ ਪਿੱਛੇ ਛੱਡ ਦਿੱਤਾ ਹੈ।


author

Tarsem Singh

Content Editor

Related News