IPL 19 ''ਚ ਵਾਪਸੀ ਕਰ ਸਕਦੇ ਹਨ ਸਮਿਥ-ਵਾਰਨਰ, ਫ੍ਰੈਂਚਾਈਜ਼ੀ ਕਰੇਗੀ ਵਿਚਾਰ

Wednesday, Feb 20, 2019 - 02:16 PM (IST)

IPL 19 ''ਚ ਵਾਪਸੀ ਕਰ ਸਕਦੇ ਹਨ ਸਮਿਥ-ਵਾਰਨਰ, ਫ੍ਰੈਂਚਾਈਜ਼ੀ ਕਰੇਗੀ ਵਿਚਾਰ

ਨਵੀਂ ਦਿੱਲੀ : ਬਾਲ ਟੈਂਪਰਿੰਗ ਮਾਮਲੇ ਵਿਚ ਇਕ ਸਾਲ ਲਈ ਬੈਨ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ 28 ਮਾਰਚ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰ ਸਕਦੇ ਹਨ। ਇਸ ਦੇ ਨਾਲ ਹੀ ਦੋਵੇਂ ਖਿਡਾਰੀ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਵਿਚ ਵੀ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿਚਾਲੇ ਆਈ. ਪੀ. ਐੱਲ. 2019 ਲਈ ਬੀ. ਸੀ. ਸੀ. ਆਈ. ਨੇ ਪਹਿਲੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਪਹਿਲੇ 2 ਹਫਤੇ ਲਈ ਸ਼ੈਡਿਊਲ ਦਾ ਐਲਾਨ ਕੀਤਾ ਹੈ। ਆਈ. ਪੀ. ਐੱਲ. ਦੀ ਸ਼ੁਰੂਆਤ 23 ਮਾਰਚ ਤੋਂ ਹੋਵੇਗੀ ਜਿੱਥੇ ਰਾਇਲ ਚੈਲੰਜਰਸ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਪਹਿਲਾ ਮੈਚ ਚੇਨਈ ਵਿਖੇ ਖੇਡਿਆ ਜਾਵੇਗਾ।

PunjabKesari

ਅਜਿਹੇ 'ਚ ਦੋਵੇਂ ਖਿਡਾਰੀ 29 ਮਾਰਚ ਨੂੰ ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਣ ਵਾਲੇ ਮੁਕਾਬਲੇ ਵਿਚ ਇਕ-ਦੂਜੇ ਖਿਲਾਫ ਮੈਦਾਨ 'ਚ ਉੱਤਰ ਸਕਦੇ ਹਨ। ਦੱਸ ਦਈਏ ਕਿ ਕ੍ਰਿਕਟ ਆਸਟਰੇਲੀਆ ਨੇ ਸਮਿਥ ਅਤੇ ਵਾਰਨਰ 'ਤੇ ਵਿਦੇਸ਼ੀ ਟੀ-20 ਲੀਗ ਵਿਚ ਖੇਡਣ ਤੋਂ ਬੈਨ ਨਹੀਂ ਕੀਤਾ ਸੀ ਪਰ ਇਸ ਦੇ ਬਾਵਜੂਦ ਸੀਜ਼ਨ-11 ਵਿਚ ਬੀ. ਸੀ. ਸੀ. ਆਈ. ਨੇ ਦੋਵੇਂ ਖਿਡਾਰੀਆਂ ਨੂੰ ਆਈ. ਪੀ. ਐੱਲ. ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਕੌਮਾਂਤਰੀ ਕ੍ਰਿਕਟ 'ਚੋਂ ਪਾਬੰਦੀ ਝਲ ਰਹੇ ਸਮਿਥ ਅਤੇ ਵਾਰਨਰ ਕੈਨੇਡਾ ਗਲੋਬਲ ਟੀ-20 ਲੀਗ, ਸੀ. ਪੀ. ਐੱਲ. ਅਤੇ ਬੰਗਲਾਦੇਸ਼ ਪ੍ਰੀਮਿਅਰ ਲੀਗ ਵਿਚ ਖੇਡ ਚੁੱਕੇ ਹਨ। ਅਜਿਹੇ 'ਚ ਹੋ ਸਕਦਾ ਹੈ ਕਿ ਵਾਰਨਰ 24 ਮਾਰਚ ਨੂੰ ਹੀ ਸਨਰਾਈਜ਼ਰਸ ਹੈਦਰਾਬਾਦ ਲਈ ਮੈਦਾਨ 'ਤੇ ਉਤਰੇ।

PunjabKesari

24 ਮਾਰਚ ਤੋਂ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ। ਉੱਥੇ ਹੀ ਸਟੀਵ ਸਮਿਥ 25 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਰਾਜਸਥਾਨ ਰਾਇਲਸ ਵੱਲੋਂ ਉੱਤਰ ਸਕਦੇ ਹਨ। ਹਾਲਾਂਕਿ ਇਹ ਵੀ ਪੂਰੀ ਤਰ੍ਹਾਂ ਤੈਅ ਨਹੀਂ ਹੈ ਕਿਉਂਕਿ ਬੰਗਲਾਦੇਸ਼ ਪ੍ਰੀਮਿਅਰ ਲੀਗ ਦੌਰਾਨ ਦੋਵੇਂ ਖਿਡਾਰੀ ਜ਼ਖਮੀ ਹੋ ਗਏ ਸੀ। ਅਜਿਹੇ 'ਚ ਦੋਵੇਂ ਖਿਡਾਰੀਆਂ ਦੇ ਫ੍ਰੈਂਚਾਈਜ਼ੀ ਦੋਵਾਂ ਦੇ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਚਾਰ ਕਰੇਗੀ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੱਖਣੀ ਅਫਰੀਕਾ ਕਿਲਾਫ ਕੇਪਟਾਊਨ ਟੈਸਟ ਦੌਰਾਨ ਸਮਿਥ ਅਤੇ ਵਾਰਨਰ ਨੂੰ ਬਾਲ ਟੈਂਪਰਿੰਗ ਦਾ ਦੋਸ਼ੀ ਪਾਇਆ ਗਿਆ ਸੀ। ਜਿਸਦੀ ਵਜ੍ਹਾ ਨਾਲ ਕ੍ਰਿਕਟ ਆਸਟਰੇਲੀਆ ਨੇ ਦੋਵਾਂ 'ਤੇ ਇਕ-ਇਕ ਸਾਲ ਦਾ ਬੈਨ ਲਾਇਆ ਸੀ। ਸਮਿਥ ਅਤੇ ਵਾਰਨਰ ਤੋਂ ਇਲਾਵਾ ਕੈਮਰਾਨ ਬੈਨਕ੍ਰਾਫਟ 'ਤੇ ਵੀ 9 ਮਹੀਨੇ ਦਾ ਬੈਨ ਲਾਇਆ ਗਿਆ ਸੀ, ਜੋ ਦਸੰਬਰ 'ਚ ਖਤਮ ਹੋ ਗਿਆ ਹੈ।


Related News