ਸਮਿਥ-ਵਾਰਨਰ ਦੀ ਹੂਟਿੰਗ ਨਾ ਕਰਨ ਫੈਨਜ਼ : ਲੈਂਗਰ
Saturday, Jun 01, 2019 - 01:16 AM (IST)

ਲੰਡਨ— ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਸਟੇਰਲੀਆ ਦੇ ਵਿਵਾਦਪੂਰਨ ਖਿਡਾਰੀਆਂ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਆਈ. ਸੀ. ਸੀ. ਵਿਸ਼ਵ ਕੱਪ ਦੌਰਾਨ ਹੂਟਿੰਗ ਨਾ ਕਰਨ ਦੀ ਅਪੀਲ ਕੀਤੀ ਹੈ। ਲੈਂਗਰ ਨੇ ਕਿਹਾ ਕਿ ਸਮਿਥ ਤੇ ਵਾਰਨਰ ਵੀ ਇਨਸਾਨ ਹਨ ਤੇ ਉਨ੍ਹਾਂ ਤੋਂ ਗਲਤੀ ਹੋਈ ਸੀ, ਜਿਸ ਦੀ ਉਨ੍ਹਾਂ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ, ਇਸ ਲਈ ਹੁਣ ਤੁਸੀਂ ਲੋਕ ਉਨ੍ਹਾਂ 'ਤੇ ਟਿੱਪਣੀਆਂ ਕਰਨਾ ਬੰਦ ਕਰ ਦਿਓ। ਜ਼ਿਕਰਯੋਗ ਹੈ ਕਿ ਅਭਿਆਸ ਮੈਚ ਦੌਰਾਨ ਦੋਵਾਂ ਖਿਡਾਰੀਆਂ 'ਤੇ ਮੈਚ ਦੇਖਣ ਆਏ ਕੁਝ ਦਰਸ਼ਕਾਂ ਨੇ ਗੈਰ-ਜ਼ਰੂਰੀ ਟਿੱਪਣੀਆਂ ਕੀਤੀਆਂ ਸਨ।
ਵਾਰਨਰ ਦੀ ਫਿੱਟਨੈੱਸ ਤੋਂ ਆਸਟਰੇਲੀਆ ਚਿੰਤਤ
ਆਸਟਰੇਲੀਆ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਚੂਲੇ ਦੀ ਸੱਟ ਨੇ ਟੀਮ ਨੂੰ ਉਸਦੇ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਪਹਿਲਾਂ ਹੀ ਚਿੰਤਤ ਕਰ ਦਿੱਤਾ ਹੈ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਕਿਹਾ, ''ਡੇਵਿਡ ਵਾਰਨਰ ਵਿਸ਼ਵ ਕੱਪ ਵਿਚ ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਤਰਨ ਲਈ ਬੇਕਰਾਰ ਹੈ ਪਰ ਅਫਗਾਨਿਸਤਾਨ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਉਸਦੀ ਖਰਾਬ ਫਿੱਟਨੈੱਸ ਕਾਰਨ ਇਹ ਜ਼ਰੂਰੀ ਹੈ ਕਿ ਮੈਡੀਕਲ ਸਟਾਫ ਇਸਦੇ ਲਈ ਮਨਜ਼ੂਰੀ ਦੇਵੇ।''
ਬ੍ਰਿਸਟਲ 'ਚ ਸ਼ਨੀਵਾਰ ਨੂੰ ਅਭਿਆਸ ਮੈਚ ਦੌਰਾਨ ਵਾਰਨਰ ਦੇ ਚੂਲੇ ਵਿਚ ਸੱਟ ਲੱਗ ਗਈ ਸੀ। ਵਾਰਨਰ ਤੋਂ ਇਲਾਵਾ ਆਸਟਰੇਲੀਆ ਦਾ ਲੈੱਗ ਸਪਿਨਰ ਐਡਮ ਜ਼ਾਂਪਾ ਵੀ ਉਂਗਲੀ ਵਿਚ ਸੱਟ ਲੱਗਣ ਕਾਰਨ ਜ਼ਖ਼ਮੀ ਹੈ, ਜਿਸ ਨਾਲ ਆਸਟਰੇਲੀਆ ਟੀਮ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।