ਸਮਿਥ, ਵਾਰਨਰ ਤੇ ਬੈਨਕ੍ਰਾਫਟ ਦੱਖਣੀ ਅਫਰੀਕਾ ਲੜੀ ਤੋਂ ਬਾਹਰ

Wednesday, Mar 28, 2018 - 12:12 AM (IST)

ਸਮਿਥ, ਵਾਰਨਰ ਤੇ ਬੈਨਕ੍ਰਾਫਟ ਦੱਖਣੀ ਅਫਰੀਕਾ ਲੜੀ ਤੋਂ ਬਾਹਰ

ਜੋਹਾਨਸਬਰਗ- ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਕ੍ਰਿਕਟ ਆਸਟਰੇਲੀਆ ਨੇ ਸਖਤ ਰੁਖ ਅਪਣਾਉਂਦਿਆਂ ਅੱਜ ਟੈਸਟ ਟੀਮ ਦੇ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰਨ ਬੈਨਕ੍ਰਾਫਟ ਨੂੰ ਦੋਸ਼ੀ ਬਣਾਉਂਦਿਆਂ ਦੱਖਣੀ ਅਫਰੀਕਾ ਵਿਰੁੱਧ ਚੌਥੇ  ਟੈਸਟ ਦੀ ਟੀਮ ਤੋਂ ਬਾਹਰ ਕਰ ਦਿੱਤਾ ਹੈ, ਜਦਕਿ ਕੋਚ ਡੈਰੇਨ ਲੀਮੈਨ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦਿੱਤੀ ਗਈ ਹੈ।
ਸੀ. ਏ. ਦੇ ਸੀ. ਈ. ਓ. ਜੇਮਸ ਸਦਰਲੈਂਡ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਇਲਾਵਾ ਬਾਕੀ ਟੀਮ ਕੇ ਕੋਚਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸਦੇ ਬਾਰੇ ਵਿਚ ਜਾਣਕਾਰੀ ਨਹੀਂ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਕੋਚ ਡੇਰੇਨ ਲੀਮੈਨ ਆਪਣੇ ਅਹੁਦੇ 'ਤੇ ਬਣੇ ਰਹਿਣਗੇ।
ਸਦਰਲੈਂਡ ਨੇ ਨਾਲ ਹੀ ਦੱਸਿਆ ਕਿ ਇਨ੍ਹਾਂ ਤਿੰਨੇ ਕ੍ਰਿਕਟਰਾਂ ਵਿਰੁੱਧ ਅਗਲੇ 24 ਘੰਟੇ ਵਿਚ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਵਤਨ ਭੇਜਿਆ ਜਾਵੇਗਾ। ਗਲੈਨ ਮੈਕਸਵੈੱਲ, ਮੈਥਿਊ ਰੇਨਸ਼ੋ ਤੇ ਜੋ ਬਰਨਸ ਇਨ੍ਹਾਂ ਤਿੰਨੇ ਖਿਡਾਰੀਆਂ ਦੀ ਜਗ੍ਹਾ ਟੈਸਟ ਟੀਮ ਵਿਚ ਲੈਣਗੇ, ਜਦਕਿ ਟਿਮ ਪੇਨ ਨੂੰ 30 ਮਾਰਚ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ।  
ਸਦਰਲੈਂਡ ਨੇ ਇੱਥੇ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਇਨ੍ਹਾਂ ਤਿੰਨੇ ਕ੍ਰਿਕਟਰਾਂ ਦੇ ਮਾਮਲੇ ਵਿਚ ਮਹੱਤਵਪੂਰਨ ਸਜ਼ਾ ਸੁਣਾਉਣ ਦੀ ਸੋਚ ਰਹੇ ਹਾਂ। ਇਸ ਨਾਲ ਘਟਨਾ ਦੀ ਗੰਭੀਰਤਾ ਤੇ ਆਸਟਰੇਲੀਆਈ ਕ੍ਰਿਕਟ ਨੂੰ ਹੋਏ ਨੁਕਸਾਨ ਦਾ ਪਤਾ ਲੱਗੇਗਾ।


Related News