ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ : ਕਾਰਲਸਨ ਤੇ ਲੀਰੇਨ ਸਾਂਝੀ ਬੜ੍ਹਤ ’ਤੇ
Thursday, Aug 29, 2019 - 08:20 PM (IST)

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਵਿਚ ਆਖਰੀ ਕਲਾਸੀਕਲ ਰਾਊਂਡ ਦੇ ਨਤੀਜਿਆਂ ਨੇ ਅਚਾਨਕ ਸਭ ਕੁਝ ਬਦਲ ਕੇ ਰੱਖ ਦਿੱਤਾ ਅਤੇ ਵਿਸ਼ਵ ਚੈਂਪੀਅਨਸ਼ਿਪ ਮੈਗਨਸ ਕਾਰਲਸਨ ਜਿਹੜਾ ਇਕ ਸਮੇਂ ਪੂਰੇ ਟੂਰਨਾਮੈਂਟ ਵਿਚ ਇਕ-ਅੱਧੀ ਜਿੱਤ ਲਈ ਤਰਸਦਾ ਰਿਹਾ, ਵਾਪਸੀ ਕਰਦਿਆਂ ਆਪਣੀ ਲਗਾਤਾਰ ਜਿੱਤ ਸਹਾਰੇ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।
ਕਾਰਲਸਨ ਨੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੂੰ ਕਾਲੇ ਮੋਹਰਿਆਂ ਨਾਲ ਹਰਾਉਂਦਿਆਂ 6.5 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕਰ ਲਿਆ। ਦਰਅਸਲ ਕੱਲ ਤਕ ਬੜ੍ਹਤ ’ਚ ਚੱਲ ਰਹੇ ਚੀਨ ਦੇ ਡਿੰਗ ਲੀਰੇਨ ਨੇ ਆਪਣਾ ਆਖਰੀ ਮੁਕਾਬਲਾ ਅਜ਼ਰਬੈਜਾਨ ਕਾਰਣ ਉਹ ਵੀ 6.5 ਅੰਕ ਹੀ ਬਣਾ ਸਕਿਆ ਅਤੇ ਕਾਰਲਸਨ ਉਸਦੇ ਬਰਾਬਰ ਪਹੁੰਚਣ ਵਿਚ ਕਾਮਯਾਬ ਰਿਹਾ।
ਹੁਣ ਹੋਵੇਗਾ ਟਾਈਬ੍ਰੇਕ : ਸਿੰਕਫੀਲਡ ਕੱਪ ਸ਼ਤਰੰਜ ਦੇ ਜੇਤੂ ਦਾ ਨਾਂ ਤੈਅ ਕਰਨ ਲਈ ਹੁਣ ਡਿੰਗ ਲੀਰੇਨ ਅਤੇ ਮੈਗਨਸ ਕਾਰਲਸਨ ਵਿਚਾਲੇ ਰੈਪਿਡ ਅਤੇ ਬਲਿਟਜ਼ ਟਾਈਬ੍ਰੇਕ ਮੁਕਾਬਲਾ ਖੇਡਿਆ ਜਾਵੇਗਾ।
ਭਾਰਤ ਦਾ ਵਿਸ਼ਵਨਾਥਨ ਆਨੰਦ ਇਸ ਟੂਰਨਾਮੈਂਟ ’ਚ ਬਹੁਤ ਚੰਗਾ ਖੇਡਿਆ ਅਤੇ ਆਪਣੀ ਰੇਟਿੰਗ ਵਿਚ ਤਕਰੀਬਨ 9 ਅੰਕ ਜੋੜਦੇ ਹੋਏ ਇਕ ਵਾਰ ਫਿਰ ਵਿਸ਼ਵ ਦੇ ਟਾਪ-10 ਵਿਚ ਸ਼ਾਮਲ ਹੋ ਗਿਆ। ਆਨੰਦ ਨੇ ਆਖਰੀ ਰਾਊਂਡ ’ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ ਅਤੇ 6 ਅੰਕ ਬਣਾ ਕੇ ਰੂਸ ਦੇ ਸੇਰਗੀ ਕਾਰਯਾਕਿਨ ਦੇ ਨਾਲ ਤੀਜੇ ਸਥਾਨ ’ਤੇ ਰਿਹਾ।