ਸਿੰਗਾਪੁਰ ਨੇ ਮੰਗੋਲੀਆ ਨੂੰ ਟੀ-20 ਮੁਕਾਬਲੇ ’ਚ 10 ਦੌੜਾਂ ’ਤੇ ਕੀਤਾ ਢੇਰ
Friday, Sep 06, 2024 - 10:09 AM (IST)
ਨਵੀਂ ਦਿੱਲੀ– ਹਰਸ਼ ਭਾਰਦਵਾਜ (3 ਦੌੜਾਂ ’ਤੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ’ਤੇ ਸਿੰਗਾਪੁਰ ਨੇ ਟੀ-20 ਵਿਸ਼ਵ ਕੱਪ ਏਸ਼ੀਆ ਕੁਆਲੀਫਾਇਰ ਏ ਦੇ ਮੁਕਾਬਲੇ ’ਚ ਮੰਗੋਲੀਆ ਦੀ ਟੀਮ ਨੂੰ 10 ਦੌੜਾਂ ਦੇ ਸਕੋਰ ’ਤੇ ਸਮੇਟਨ ਤੋਂ ਬਾਅਦ ਪਹਿਲੇ ਹੀ ਓਵਰ ’ਚ 11 ਦੌੜਾਂ ਬਣਾ ਕੇ ਮੈਚ ਜਿੱਤ ਕੇ ਇਕ ਅਨੂਠਾ ਰਿਕਾਰਡ ਬਣਾ ਦਿੱਤਾ। ਬੰਗੀ ’ਚ ਖੇਡੇ ਗਏ ਮੈਚ ’ਚ ਦੋਵਾਂ ਟੀਮਾਂ ਨੇ ਘੱਟੋ-ਘੱਟ ਸਕੋਰ ਨੂੰ ਲੈ ਕੇ ਇਕ ਨਵਾਂ ਰਿਕਾਰਡ ਬਣਾਇਆ। ਮੰਗੋਲੀਆ ਨੇ ਮਰਦਾਂ ਦੇ ਟੀ-20 ’ਚ ਸਭ ਤੋਂ ਘੱਟ ਸਕੋਰ ਦੀ ਬਰਾਬਰੀ ਕੀਤੀ। ਉੱਧਰ ਸਿੰਗਾਪੁਰ ਨੇ ਸਭ ਤੋਂ ਘੱਟ ਸਕੋਰ ਦਾ ਪਿੱਛਾ ਕਰ ਕੇ ਜਿੱਤ ਦਰਜ ਕਰਨ ਦਾ ਵੀ ਰਿਕਾਰਡ ਬਣਾਇਆ ਹੈ। ਇਸ ਦੂਜੇ ਸਭ ਤੋਂ ਘੱਟ ਸਕੋਰ ਦੇ ਜਵਾਬ ’ਚ ਸਿੰਗਾਪੁਰ ਨੇ ਪਹਿਲੇ ਓਵਰ ’ਚ ਇਕ ਵਿਕਟ ਗੁਆ ਕੇ ਸਿਰਫ 5 ਗੇਂਦਾਂ ’ਚ 11 ਦੌੜਾਂ ਬਣਾ ਕੇ ਟੂਰਨਾਮੈਂਟ ’ਚ ਆਪਣੀ ਦੂਜੀ ਜਿੱਤ ਦਰਜ ਕੀਤੀ।
ਸਿੰਗਾਪੁਰ ਵੱਲੋਂ ਹਰਸ਼ ਭਾਰਦਵਾਜ ਨੇ 4 ਓਵਰਾਂ ’ਚ 3 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਹ ਟੀ-20 ’ਚ ਦੂਜਾ ਸ਼ਾਨਦਾਰ ਪ੍ਰਦਰਸ਼ਨ ਹੈ। ਮੰਗੋਲੀਆ ਦੇ 5 ਬੱਲੇਬਾਜ਼ ਸਿਫਰ ’ਤੇ ਆਊਟ ਹੋਏ। ਮੰਗੋਲੀਆ ਨੇ 10 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਅਤੇ 3 ਮੇਡਨ ਓਵਰ ਖੇਡੇ। ਟੀਚੇ ਦਾ ਪਿੱਛਾ ਕਰਦੇ ਹੋਏ ਰਾਊਲ ਸ਼ਰਮਾ ਨੇ ਪਹਿਲੀ ਗੇਂਦ ’ਤੇ ਛੱਕਾ ਲਗਾਇਆ ਅਤੇ ਵਿਲੀਅਮ ਸਿੰਪਸਨ ਨੇ ਪਹਿਲੇ ਓਵਰ ਦੀ ਆਖਰੀ ਗੇਂਦ ’ਤੇ ਚੌਕਾ ਲਗਾ ਕੇ ਸਿੰਗਾਪੁਰ ਦੀ ਜਿੱਤ ਤੈਅ ਕੀਤੀ।