ਸਿੰਧੂ ਨੇ ਦੂਜੀ ਰੈਂਕਿੰਗ ਦੀ ਯਾਮਾਗੁਚੀ ਤੋਂ ਘੱਟ ਕੀਤਾ ਫਰਕ
Thursday, Jul 19, 2018 - 11:50 PM (IST)

ਨਵੀਂ ਦਿੱਲੀ- ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ ਵਿਚ ਪਹੁੰਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੀਰਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ ਦੂਜੇ ਨੰਬਰ ਦੀ ਜਾਪਾਨੀ ਖਿਡਾਰੀ ਅਕਾਨੇ ਯਾਮਾਗੁਚੀ ਤੋਂ ਆਪਣੇ ਅੰਕਾਂ ਦਾ ਫਰਕ ਘੱਟ ਕਰ ਲਿਆ ਹੈ। ਸਿੰਧੂ ਨੂੰ ਥਾਈਲੈਂਡ ਓਪਨ ਦੇ ਫਾਈਨਲ ਵਿਚ ਜਾਪਾਨ ਦੀ ਹੀ ਨੋਜੋਮੀ ਓਕਾਹੂਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਾਈਨਲ ਵਿਚ ਪਹੁੰਚਣ ਦੀ ਬਦੌਲਤ ਉਸ ਨੂੰ 1380 ਅੰਕਾਂ ਹਾਸਲ ਹੋਏ ਹਨ, ਜਿਸ ਨਾਲ ਹੁਣ ਉਸਦੇ 82034 ਅੰਕ ਹੋ ਗਏ ਹਨ। ਸਿੰਧੂ ਤੇ ਯਾਮਾਗੁਚੀ ਵਿਚਾਲੇ ਹੁਣ 1449 ਅੰਕਾਂ ਦਾ ਫਰਕ ਰਹਿ ਗਿਆ ਹੈ। ਸਿੰਧੂ ਦਾ ਆਪਣਾ ਤੀਜਾ ਸਥਾਨ ਬਣਿਆ ਹੋਇਆ ਹੈ। ਤਾਈਪੇ ਦੀ ਤੇਈ ਜੂ ਯਿੰਗ 96817 ਅੰਕਾਂ ਨਾਲ ਚੋਟੀ ਸਥਾਨ 'ਤੇ ਮਜ਼ਬੂਤੀ ਨਾਲ ਬਣੀ ਹੋਈ ਹੈ।
ਸਾਇਨਾ ਨੇਹਵਾਲ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਤੇ ਉਹ 10ਵੇਂ ਨੰਬਰ 'ਤੇ ਖਿਸਕ ਗਈ ਹੈ। ਪੁਰਸ਼ ਰੈਂਕਿੰਗ ਵਿਚ ਕਿਦਾਂਬੀ ਸ਼੍ਰੀਕਾਂਤ ਆਪਣੇ ਪੰਜਵੇਂ ਸਥਾਨ 'ਤੇ ਬਣਿਆ ਹੋਇਆ ਹੈ, ਜਦਕਿ ਐੱਚ. ਐੱਸ. ਪ੍ਰਣਯ 3 ਸਥਾਨਾਂ ਦੇ ਸੁਧਾਰ ਨਾਲ 11ਵੇਂ ਨੰਬਰ 'ਤੇ ਆ ਗਿਆ ਹੈ।