ਏਸ਼ੀਆਈ ਖੇਡਾਂ ਦਾ ਕੁਆਲੀਫਾਇੰਗ ਸਮਾਂ ਹਾਸਲ ਕਰਨ ’ਚ ਅਸਫਲ ਰਿਹਾ ਗੁਲਵੀਰ

Thursday, Jun 25, 2026 - 10:30 AM (IST)

ਏਸ਼ੀਆਈ ਖੇਡਾਂ ਦਾ ਕੁਆਲੀਫਾਇੰਗ ਸਮਾਂ ਹਾਸਲ ਕਰਨ ’ਚ ਅਸਫਲ ਰਿਹਾ ਗੁਲਵੀਰ

ਭੁਵਨੇਸ਼ਵਰ- ਮੌਜੂਦਾ ਏਸ਼ੀਆਈ ਚੈਂਪੀਅਨ ਅਤੇ ਰਾਸ਼ਟਰੀ ਰਿਕਾਰਡ ਹੋਲਡਰ ਗੁਲਵੀਰ ਸਿੰਘ ਬੁੱਧਵਾਰ ਨੂੰ ਇੱਥੇ ਰਾਸ਼ਟਰੀ ਅੰਤਰਰਾਜੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੀ 5000 ਮੀਟਰ ਦੌੜ ’ਚ ਏਸ਼ੀਆਈ ਖੇਡਾਂ ਦੇ ਕੁਆਲੀਫਾਇੰਗ ਸਮੇਂ ਨੂੰ ਹਾਸਲ ਕਰਨ ’ਚ ਅਸਫਲ ਰਿਹਾ। ਉੱਤਰ ਪ੍ਰਦੇਸ਼ ਦੇ ਇਸ 26 ਸਾਲਾ ਐਥਲੀਟ ਨੇ 2022 ’ਚ ਏਸ਼ੀਆਈ ਖੇਡਾਂ ’ਚ 10,000 ਮੀਟਰ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਸ ਨੇ ਇੱਥੇ 13 ਮਿੰਟ, 52.92 ਸੈਕੰਡ (13:52.92) ਦਾ ਸਮਾਂ ਕੱਢ ਕੇ ਦੌੜ ਜਿੱਤੀ ਪਰ ਉਸ ਦਾ ਸਮਾਂ ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਵੱਲੋਂ ਏਸ਼ੀਆਈ ਖੇਡਾਂ ਲਈ ਨਿਰਧਾਰਿਤ ਕੀਤੇ ਗਏ ਕੁਆਲੀਫਾਇੰਗ ਸਮੇਂ 13 ਮਿੰਟ ਅਤੇ 39.18 ਸੈਕੰਡ ਤੋਂ ਕਾਫੀ ਘੱਟ ਸੀ।

ਗੁਲਵੀਰ ਨੇ ਪਿਛਲੇ ਮਹੀਨੇ ਅਮਰੀਕਾ ਦੇ ਲਾਸ ਏਂਜਲਸ ’ਚ 13:03.93 ਦੇ ਸਮੇਂ ਨਾਲ ਆਊਟਡੋਰ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਸ ਨੇ ਫਰਵਰੀ 2025 ’ਚ 5000 ਮੀਟਰ ਦੀ ਦੌੜ 13 ਮਿੰਟ ਤੋਂ ਘੱਟ ਸਮੇਂ ’ਚ ਪੂਰੀ ਕੀਤੀ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਐਥਲੀਟ ਸੀ। ਉਸ ਨੇ ਉਦੋਂ 12 ਮਿੰਟ 59.77 ਸੈਕੰਡ ਦਾ ਸਮਾਂ ਕੱਢ ਕੇ ਰਾਸ਼ਟਰੀ ਅਤੇ ਏਸ਼ੀਆਈ ਇੰਡੋਰ ਦੋਵੇਂ ਰਿਕਾਰਡ ਬਣਾਏ ਸਨ।

ਗੁਲਵੀਰ ਨੂੰ ਗਲਾਸਗੋ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ 32 ਮੈਂਬਰੀ ਭਾਰਤੀ ਟੀਮ ’ਚ 5000 ਮੀਟਰ ਅਤੇ 10,000 ਮੀਟਰ ਦੋਵਾਂ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ਗੁਲਵੀਰ ਹੁਣ ਸ਼ਨੀਵਾਰ ਨੂੰ 1500 ਮੀਟਰ ਦੌੜ ’ਚ ਹਿੱਸਾ ਲਵੇਗਾ।

ਪੁਰਸ਼ਾਂ ਦੀ 5000 ਮੀਟਰ ਦੌੜ ’ਚ ਉੱਤਰ ਪ੍ਰਦੇਸ਼ ਦੇ ਹੀ ਅਭਿਸ਼ੇਕ ਪਾਲ ਨੇ 13:54.18 ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਪੰਜਾਬ ਦਾ ਹਰਮਨਜੋਤ ਸਿੰਘ 13:54.60 ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ।


author

Tarsem Singh

Content Editor

Related News