ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ

Monday, Jun 15, 2026 - 10:58 AM (IST)

ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ

ਨਵੀਂ ਦਿੱਲੀ- ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਦੀ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਐਥਲੈਟਿਕਸ ਟੀਮ ’ਚ ਚੋਣ ਕੀਤੀ ਗਈ। ਇਹ ਚੋਣ ਹਾਲਾਂਕਿ ਆਗਾਮੀ ਪ੍ਰਤੀਯੋਗਿਤਾਵਾਂ ’ਚ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਕੁਆਲੀਫਾਇੰਗ ਮਾਪਦੰਡਾਂ ਨੂੰ ਪੂਰਾ ਕਰਨ ’ਤੇ ਨਿਰਭਰ ਰਹੇਗੀ। ਮਹਾਸੰਘ ਦੀ ਚੋਣ ਕਮੇਟੀ ਦੀ ਆਖਰੀ ਮੀਟਿੰਗ ਤੋਂ ਬਾਅਦ ਐਲਾਨੀ 32 ਮੈਂਬਰੀ ਟੀਮ ’ਚ ਗੁਰਿੰਦਰਵੀਰ ਸਿੰਘ (100 ਮੀਟਰ), ਅਨੀਮੇਸ਼ ਕੁਜੂਰ (200 ਮੀਟਰ), ਗੁਲਵੀਰ ਸਿੰਘ (5,000 ਤੇ 10,000 ਮੀਟਰ), ਤੇਜਸਵਿਨ ਸ਼ੰਕਰ (ਡੇਕਾਥਲਾਨ ਤੇ ਹਾਈ ਜੰਪ), ਪਾਰੁਲ ਚੌਧਰੀ (3,000 ਮੀਟਰ ਸਟੀਪਲਚੇਜ਼) ਤੇ ਪੈਦਲ ਚਾਲ ਐਥਲੀਟ ਪ੍ਰਿਯੰਕਾ ਵੀ ਸ਼ਾਮਲ ਹਨ।

ਰਾਸ਼ਟਰਮੰਡਲ ਖੇਡਾਂ ਦਾ ਆਯੋਜਨ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਗਲਾਸਗੋ ’ਚ ਹੋਵੇਗਾ। ਚੋਪੜਾ ਨੇ 2025 ਵਿਸ਼ਵ ਚੈਂਪੀਅਨਸ਼ਿਪ (ਟੋਕੀਓ) ਤੋਂ ਬਾਅਦ ਕਿਸੇ ਪ੍ਰਤੀਯੋਗਿਤਾ ’ਚ ਹਿੱਸਾ ਨਹੀਂ ਲਿਆ ਹੈ। ਉਹ ਪਿੱਠ ਦੀ ਸੱਟ ਤੋਂ ਉੱਭਰ ਰਿਹਾ ਹੈ। ਉਸ ਨੇ ਅਜੇ ਤੱਕ ਆਪਣਾ ਸੈਸ਼ਨ ਸ਼ੁਰੂ ਨਹੀਂ ਕੀਤਾ ਹੈ। ਸਾਬਕਾ ਵਿਸ਼ਵ ਚੈਂਪੀਅਨ ਦੇ ਅਗਲੇ 10 ਦਿਨਾਂ ਦੇ ਅੰਦਰ ਮੁਕਾਬਲੇ ’ਚ ਵਾਪਸੀ ਕਰਨ ਦੀ ਉਮੀਦ ਹੈ। ਉਸ ਨੇ ਏ.ਐੱਫ.ਆਈ. ਨੂੰ ਬੇਨਤੀ ਕੀਤੀ ਹੈ ਕਿ ਰਾਸ਼ਟਰਮੰਡਲ ਖੇਡਾਂ ਦੀ ਯੋਗਤਾ ਲਈ ਉਸ ਦੇ ਆਗਾਮੀ ਪ੍ਰਦਰਸ਼ਨ ਨੂੰ ਵੀ ਮਾਨਤਾ ਦਿੱਤੀ ਜਾਵੇ।


author

Tarsem Singh

Content Editor

Related News