ਸਿੰਧੂ ਤੇ ਸ਼੍ਰੀਕਾਂਤ ਇੰਡੋਨੇਸ਼ੀਆ ਓਪਨ ਸੁਪਰ 1000 ''ਚ ਲੈਅ ਬਰਕਰਾਰ ਰੱਖਣ ਦੀ ਕਰਨਗੇ ਕੋਸ਼ਿਸ਼

Tuesday, Nov 23, 2021 - 11:24 AM (IST)

ਸਿੰਧੂ ਤੇ ਸ਼੍ਰੀਕਾਂਤ ਇੰਡੋਨੇਸ਼ੀਆ ਓਪਨ ਸੁਪਰ 1000 ''ਚ ਲੈਅ ਬਰਕਰਾਰ ਰੱਖਣ ਦੀ ਕਰਨਗੇ ਕੋਸ਼ਿਸ਼

ਸਪੋਰਟਸ ਡੈਸਕ-  ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਦੁਨੀਆ ਦੇ ਨੰਬਰ ਇਕ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਮੰਗਲਵਾਰ ਤੋਂ ਇਥੇ ਸ਼ੁਰੂ ਹੋ ਰਹੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਆਪਣੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ’ਚ ਸੈਮੀਫਾਈਨਲ ਤਕ ਦਾ ਸਫਰ ਤੈਅ ਕਰਨ ਤੋਂ ਬਾਅਦ ਦੋ ਦੋਵੇਂ ਉੱਚ ਖਿਡਾਰੀ ਖਿਤਾਬ ਦੀ ਭਾਲ ’ਚ ਵਿਸ਼ਵ ਟੂਰ ਸੁਪਰ 1000 ਮੁਕਾਬਲੇ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪਿਛਲੇ ਹਫ਼ਤੇ ਇੰਡੋਨੇਸ਼ੀਆ ਮਾਸਟਰਜ਼ ’ਚ ਸਿੰਧੂ ਦੀ ਮੁਹਿੰਮ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਸਿੱਧੇ ਗੇਮ ’ਚ ਜਿੱਤ ਦੇ ਨਾਲ ਖ਼ਤਮ ਕੀਤਾ ਸੀ। ਇਹ ਤਜਰਬੇਕਾਰ ਖਿਡਾਰੀ ਇਸ ਹਾਰ ਨਾਲ ਜਲਦ ਉਬਰਨ ਦੀ ਕੋਸ਼ਿਸ਼ ਕਰੇਗੀ। ਤੀਜਾ ਦਰਜਾ ਪ੍ਰਾਪਤ ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੀ ਆਇਆ ਓਹੋਰੀ ਖ਼ਿਲਾਫ਼ ਕਰੇਗੀ ਤੇ ਜੇਕਰ ਉਹ ਸ਼ੁਰੂਆਤੀ ਦੌਰ ’ਚ ਸਫਲ ਰਹੀ ਤਾਂ ਉਨ੍ਹਾਂ ਦਾ ਕੁਆਰਟਰ ਫਾਈਨਲ ’ਚ ਕੈਨੇਡਾ ਦੀ ਛੇਵਾਂ ਦਰਜਾ ਪ੍ਰਾਪਤ ਮਿਸ਼ੇਲ ਲੀ ਨਾਲ ਸਾਹਮਣਾ ਹੋਣ ਦੀ ਸੰਭਾਵਨਾ ਹੈ।

ਪੁਰਸ਼ ਸਿੰਗਲਜ਼ ’ਚ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਵੀ ਲਗਾਤਾਰ ਦੋ ਟੂਰਨਾਮੈਂਟ ’ਚ ਪਹੁੰਚ ਕੇ ਲੈਅ ’ਚ ਹੋਣ ਦੇ ਸੰਕੇਤ ਦਿੱਤੇ ਹਨ। 2017 ’ਚ ਚਾਰ ਖਿਤਾਬ ਜਿੱਤਣ ਵਾਲਾ ਇਹ ਖਿਡਾਰੀ ਲੰਬੇ ਸਮੇਂ ਤੋਂ ਚੱਲ ਰਹੇ ਖਿਤਾਬੀ ਸੋਕੇ ਨੂੰ ਖ਼ਤਮ ਕਰਨਾ ਚਾਹੇਗਾ। ਸ਼੍ਰੀਕਾਂਤ ਸ਼ੁਰੂਆਤੀ ਦੌਰ ’ਚ ਇਕ ਵਾਰ ਫਿਰ ਹਮਵਤਨ ਐੱਚ. ਐੱਸ. ਪ੍ਰਣਯ ਨਾਲ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਨੇ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਪ੍ਰਣਯ ਨੂੰ ਹਰਾਇਆ ਸੀ।

ਪਿਛਲੇ ਸਾਲ ਕੋਰੋਨਾ ਨਾਲ ਇਨਫੈਕਟਿਡ ਰਹੇ ਪ੍ਰਣਯ ਨੇ ਸ਼੍ਰੀਕਾਂਤ ਖ਼ਿਲਾਫ਼ ਮੈਚ ਗਵਾਉਣ ਤੋਂ ਪਹਿਲਾਂ ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਡੇਨਮਾਰਕ ਦੇ ਦਿੱਗਜ਼ ਵਿਕਟਰ ਐਕਸੇਲਸੇਨ ਨੂੰ ਹਰਾਇਆ ਸੀ। ਵਿਸ਼ਵ ਰੈਂਕਿੰਗ ’ਚ 16ਵੇਂ ਸਥਾਨ ’ਤੇ ਕਾਬਜ਼ ਬੀ ਸਾਈ ਪ੍ਰਣੀਤ ਫਰਾਂਸ ਦੇ ਤੋਮਾ ਜੂਨੀਅਰ ਪੋਵੋਵ ਖ਼ਿਲਾਫ਼ ਆਪਣਾ ਅਭਿਆਨ ਸ਼ੁਰੂ ਕਰਨਗੇ। ਲਕਸ਼ੈ ਸੇਨ ਨੂੰ ਆਪਣੇ ਸ਼ੁਰੂਆਤੀ ਮੈਚ ’ਚ ਉੱਚ ਰੈਂਕਿੰਗ ਪ੍ਰਾਪਤ ਤੇ ਦੋ ਵਾਰ ਵਿਸ਼ਵ ਚੈਂਪੀਅਨ ਕੈਂਟੋ ਮੋਮਾਟਾ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਪਾਰੂਪੱਲੀ ਕਸ਼ਯਪ ਪਹਿਲੇ ਦੌਰ ’ਚ ਸਿੰਗਾਪੁਰ ਦੇ ਲੋਹ ਕੀਨ ਯੂ ਖ਼ਿਲਾਫ਼ ਉਤਰਨਗੇ। ਹੋਰ ਭਾਰਤੀਆਂ ’ਚ ਸਾਤਿਵਕਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਛੇਵਾਂ ਦਰਜਾ ਪ੍ਰਾਪਤ ਪੁਰਸ਼ ਡਬਲਜ਼ ਜੋੜੀ ਨੂੰ ਪਹਿਲੇ ਦੌਰ ’ਚ ਬਾਈ ਮਿਲੀ ਹੈ, ਜਦੋਂਕਿ ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਜੋੜੀ ਕੋਰੀਆ ਦੇ ਚੋਈ ਸੋਲਗਿਊ ਤੇ ਕਿਮ ਵੋਨ ਨਾਲ ਮੁਕਬਾਲਾ ਕਰੇਗੀ।

ਅਸ਼ਵਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਮਹਿਲਾ ਡਬਲਜ਼ ’ਚ ਗੋਬ੍ਰੀਏਲਾ ਸਟੋਏਵਾ ਤੇ ਸਟੈਫਨੀ ਸਟੋਏਵਾ ਦੀ ਪੰਜਵੀਂ ਦਰਜਾ ਪ੍ਰਾਪਤ ਬੁਲਗਰੀਆਈ ਜੋੜੀ ਦਾ ਸਾਹਮਣਾ ਕਰੇਗੀ। ਮਿਕਸਡ ਡਬਲਜ਼ ’ਚ ਅਸ਼ਵਨੀ ਤੇ ਵੀ ਸੁਮਿਤ ਰੈੱਡੀ ਤੋਂ ਇਲਾਵਾ ਸਿੱਕੀ ਰੈੱਡੀ ਤੇ ਧਰੁਵ ਅਤੇ ਜੂਹੀ ਦੇਵਾਂਗਨ ਤੇ ਵੇਂਕਟ ਗੌਰਵ ਪ੍ਰਸਾਦ ਦੀਆਂ ਭਾਰਤੀ ਜੋੜੀਆਂ ਚੁਣੌਤੀ ਪੇਸ਼ ਕਰਨਗੀਆਂ।


author

Tarsem Singh

Content Editor

Related News