ਸਿੰਧੂ, ਸੇਨ ਹਾਰੇ ਤੇ ਰਾਜਾਵਤ ਸਵਿਸ ਓਪਨ ਦੇ ਕੁਆਰਟਰ ਫਾਈਨਲ ’ਚ

03/23/2024 11:37:36 AM

ਬਾਸੇਲ (ਸਵਿਟਜ਼ਰਲੈਂਡ), (ਭਾਸ਼ਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ’ਚ ਜਾਪਾਨੀ ਨੌਜਵਾਨ ਖਿਡਾਰਨ ਹੱਥੋਂ ਹਾਰ ਗਈ ਜਦਕਿ ਲਕਸ਼ੈ ਸੇਨ ਨੂੰ ਪ੍ਰੀ ਕੁਆਰਟਰ ਫਾਈਨਲ ’ਚ ਚੀਨੀ ਤਾਈਪੇ ਦੇ ਲੀ ਚਿਆ ਹਾਓ ਨੇ ਹਰਾਇਆ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਪ੍ਰਿਆਂਸ਼ੂ ਰਾਜਾਵਤ ਤੇ ਕਿਰਣ ਜਾਰਜ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪੁਰਸ਼ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਏ।

ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਦੂਜੇ ਦੌਰ ’ਚੋਂ ਬਾਹਰ ਹੋਈ ਸਿੰਧੂ ਨੂੰ ਜਾਪਾਨ ਦੀ 17 ਸਾਲ ਦੀ ਜੂਨੀਅਰ ਵਿਸ਼ਵ ਚੈਂਪੀਅਨ ਤੋਮੋਕਾ ਮਿਆਜਾਕੀ ਦੇ ਹੱਥੋਂ 21-16, 19-21, 16-21 ਨਾਲ ਹਾਰ ਝੱਲਣੀ ਪਈ। ਉੱਥੇ ਹੀ, ਸੇਨ ਨੂੰ ਸਿਰਫ 38 ਮਿੰਟ ਵਿਚ ਲੀ ਚਿਆ ਹਾਓ ਨੇ 21-17, 21-15 ਨਾਲ ਹਰਾਇਆ। ਸ਼੍ਰੀਕਾਂਤ ਨੇ ਮਲੇਸ਼ੀਆ ਦੇ ਦੂਜਾ ਦਰਜਾ ਪ੍ਰਾਪਤ ਲੀ ਜਿ ਜਿਆ ਨੂੰ 21-16, 21-15 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਜਦਕਿ ਰਾਜਾਵਤ ਨੇ ਚੀਨ ਦੇ ਲੇਈ ਲਾ ਸ਼ੀ ਨੂੰ 21-14, 21-13 ਨਾਲ ਹਰਾਇਆ। ਜਾਰਜ ਨੇ ਫਰਾਂਸ ਦੇ ਐਲਕਸ ਲੇਨੀਅਰ ਨੂੰ 18-21, 22-20, 21-18 ਨਾਲ ਹਰਾਇਆ। ਸ਼੍ਰੀਕਾਂਤ ਦਾ ਸਾਹਮਣਾ ਲੀ ਚਿਆ ਹਾਓ ਨਾਲ ਹੋਵੇਗਾ ਜਦਕਿ ਰਾਜਾਵਤ ਹੁਣ ਚੀਨੀ ਤਾਈਪੇ ਦੇ ਚੋਓ ਤਿਯੇਨ ਚੇਨ ਨਾਲ ਖੇਡੇਗਾ। ਜਾਰਜ ਦੀ ਟੱਕਰ ਡੈੱਨਮਾਰਕ ਦੇ ਰਾਸਮਸ ਨਾਲ ਹੋਵੇਗੀ।

ਸੱਟ ਕਾਰਨ ਲੰਬੇ ਸਮੇਂ ਤਕ ਬ੍ਰੇਕ ’ਤੇ ਰਹੀ ਸਿੰਧੂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਾਪਾਨ ਦੀ ਨੌਜਵਾਨ ਖਿਡਾਰਨ ਦੇ ਜੋਸ਼ ਦਾ ਉਸਦੇ ਕੋਲ ਜਵਾਬ ਨਹੀਂ ਸੀ। ਦੋ ਸਾਲ ਪਹਿਲਾਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਮਿਆਜਾਕੀ ਨੇ ਪਿਛਲੇ ਹਫਤੇ ਓਰਲੀਅੰਸ ਮਾਸਟਰਸ ਜਿੱਤਿਆ ਸੀ।

ਇਸ ਤੋਂ ਪਹਿਲਾਂ ਮਹਿਲਾ ਡਬਲਜ਼ ਵਿਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਪ੍ਰਿਯਾ ਕੋਂਜੇਂਗਬਾਮ ਤੇ ਸ਼ਰੁਤੀ ਮਿਸ਼ਰਾ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਉਸ ਨੇ ਸਿਰਫ 36 ਮਿੰਟ ’ਚ 21-10, 21-12 ਨਾਲ ਜਿੱਤ ਦਰਜ ਕੀਤੀ। ਹੁਣ ਉਸਦਾ ਸਾਹਮਣਾ ਆਸਟ੍ਰੇਲੀਆ ਦੀ ਸੇਤਿਆਨਾ ਮਾਪਾਸਾ ਤੇ ਜੇਲਾ ਯੂ ਨਾਲ ਹੋਵੇਗਾ। ਭਾਰਤ ਦੀ ਤਨੀਸ਼ਾ ਕ੍ਰਾਸਟੋ ਤੇ ਅਸ਼ਵਿਨੀ ਪੋਨੱਪਾ ਨੂੰ ਜਾਪਾਨ ਦੀ ਰੂਈ ਹਿਰੋਕਾਮੀ ਤੇ ਯੁਨਾ ਕਾਤੋ ਨੇ 21-17, 21-16 ਨਾਲ ਹਰਾਇਆ।


Tarsem Singh

Content Editor

Related News