ਸਿਮਨਸ ਦੀਆਂ ਅਜੇਤੂ 91 ਦੌੜਾਂ ਨਾਲ ਵਿੰਡੀਜ਼ ਨੇ ਆਇਰਲੈਂਡ ਨਾਲ ਕੀਤੀ ਬਰਾਬਰੀ
Monday, Jan 20, 2020 - 11:53 PM (IST)

ਬੈਸਟੇਰੇ— ਲੇਂਡਲ ਸਿਮਨਸ (ਅਜੇਤੂ 91 ਦੌੜਾਂ) ਦੀ ਬਿਹਤਰੀਨ ਪਾਰੀ ਤੇ ਕੀਰੋਨ ਪੋਲਾਰਡ ਅਤੇ ਡਵੇਨ ਬ੍ਰਾਵੋ ਦੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਆਇਰਲੈਂਡ ਵਿਰੁੱਧ ਤੀਜੇ ਤੇ ਆਖਰੀ ਟੀ-20 ਮੈਚ ਵਿਚ 9 ਵਿਕਟਾਂ ਦੀ ਜਿੱਤ ਨਾਲ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ। ਵੈਸਟਇੰਡੀਜ਼ ਤੇ ਆਇਰਲੈਂਡ ਵਿਚਾਲੇ ਦੂਜਾ ਮੈਚ ਬਿਨਾਂ ਨਤੀਜਾ ਰੱਦ ਰਿਹਾ ਸੀ ਜਦਕਿ ਪਹਿਲੇ ਮੈਚ ਵਿਚ ਆਇਰਲੈਂਡ ਨੇ ਜਿੱਤ ਦਰਜ ਕੀਤੀ ਸੀ। ਵਿੰਡੀਜ਼ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਆਇਰਲੈਂਡ ਨੂੰ 19.1 ਓਵਰਾਂ ਵਿਚ 138 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਵਿੰਡੀਜ਼ ਨੇ 11 ਓਵਰਾਂ ਵਿਚ 1 ਵਿਕਟ 'ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਸਿਮਨਸ ਨੇ 40 ਗੇਂਦਾਂ ਦੀ ਪਾਰੀ 'ਚ ਪੰਜ ਚੌਕਿਆਂ ਤੇ 10 ਧਮਾਕੇਦਾਰ ਛੱਕੇ ਲਗਾ ਕੇ ਅਜੇਤੂ 91 ਦੌੜਾਂ ਦੀ ਪਾਰੀ ਖੇਡੀ ਜਦਕਿ ਲੁਈਸ ਨੇ 25 ਗੇਂਦਾਂ 'ਚ ਚਾਰ ਚੌਕਿਆਂ ਤੇ ਤਿੰਨ ਛੱਕੇ ਲਗਾ ਕੇ 46 ਦੌੜਾਂ ਬਣਾਈਆਂ। ਆਇਰਲੈਂਡ ਵਲੋਂ ਕੇਵਿਨ ਓ ਬ੍ਰਾਇਨ ਨੇ 36 ਦੌੜਾਂ ਦੀ ਇਕਮਾਤਰ ਵੱਡੀ ਪਾਰੀ ਖੇਡੀ। ਲੇਂਡਲ ਸਿਮਸ 'ਮੈਨ ਆਫ ਦਿ ਸੀਰੀਜ਼' ਤੇ ਪੋਲਾਰਡ 'ਮੈਨ ਆਫ ਦਿ ਮੈਚ' ਬਣੇ।