ਸਿੱਕੀ-ਕਪੂਰ ਦੀ ਜੋੜੀ ਵੀਅਤਨਾਮ ਓਪਨ ਦੇ ਸੈਮੀਫਾਈਨਲ ''ਚ
Saturday, Oct 01, 2022 - 03:09 PM (IST)

ਹੋ ਚੀ ਮਿਨ ਸਿਟੀ : ਰੋਹਨ ਕਪੂਰ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਸ਼ੁੱਕਰਵਾਰ ਨੂੰ ਇੱਥੇ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜ ਗਈ। ਪਿਛਲੇ ਹਫ਼ਤੇ ਛੱਤੀਸਗੜ੍ਹ ਇੰਟਰਨੈਸ਼ਨਲ ਚੈਲੰਜ ਦਾ ਖ਼ਿਤਾਬ ਜਿੱਤਣ ਵਾਲੀ ਸਿੱਕੀ ਤੇ ਕਪੂਰ ਦੀ ਗ਼ੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਮਲੇਸ਼ੀਆ ਦੇ ਚਾਨ ਪੇਂਗ ਸੂਨ ਤੇ ਚੇਹ ਯੀ ਸੀ ਦੀ ਤੀਜਾ ਦਰਜਾ ਹਾਸਲ ਜੋੜੀ ਨੂੰ 39 ਮਿੰਟ ਤਕ ਚੱਲੇ ਮੈਚ ਵਿਚ 21-19, 21-17 ਨਾਲ ਹਰਾਇਆ।
ਸੈਮੀਫਾਈਨਲ ਵਿਚ ਇਨ੍ਹਾਂ ਦੋਵਾਂ ਦਾ ਸਾਹਮਣਾ ਰੇਹਾਨ ਨੌਫਲ ਕੁਸ਼ਰਜੰਤੋ ਤੇ ਲਿਸਾ ਆਯੁ ਕੁਸੁਮਾਵਤੀ ਦੀ ਇੰਡੋਨੇਸ਼ੀਆ ਦੀ ਸਿਖਰਲਾ ਦਰਜਾ ਹਾਸਲ ਜੋੜੀ ਨਾਲ ਹੋਵੇਗਾ। ਸਿੱਕੀ ਤੇ ਕਪੂਰ ਨੇ ਸ਼ਾਨਦਾਰ ਜਜ਼ਬਾ ਦਿਖਾਇਆ। ਪਹਿਲੀ ਗੇਮ ਵਿਚ 3-6 ਨਾਲ ਪੱਛੜਨ ਤੋਂ ਬਾਅਦ ਬ੍ਰੇਕ ਤਕ 11-10 ਦੀ ਬੜ੍ਹਤ ਬਣਾਈ। ਮਲੇਸ਼ੀਆਈ ਟੀਮ ਨੇ ਇਕ ਵਾਰ ਮੁੜ 15-12 ਦੀ ਬੜ੍ਹਤ ਬਣਾਈ ਪਰ ਭਾਰਤੀ ਜੋੜੀ ਨੇ ਲਗਾਤਾਰ ਚਾਰ ਅੰਕਾਂ ਦੇ ਨਾਲ 19-18 ਦੀ ਬੜ੍ਹਤ ਬਣਾ ਲਈ। ਭਾਰਤੀ ਜੋੜੀ ਨੇ ਇਸ ਤੋਂ ਬਾਅਦ ਦੋ ਹੋਰ ਅੰਕ ਹਾਸਲ ਕਰ ਕੇ ਮੈਚ ਵਿਚ 1-0 ਦੀ ਬੜ੍ਹਤ ਬਣਾ ਲਈ। ਸਿੱਕੀ ਤੇ ਕਪੂਰ ਨੇ ਦੂਜੀ ਗੇਮ ਵਿਚ ਆਤਮਵਿਸ਼ਵਾਸ ਭਰੀ ਸ਼ੁਰੂਆਤ ਕੀਤੀ। ਮਲੇਸ਼ੀਆਈ ਜੋੜੀ ਨੂੰ ਨੇ 10-8 ਦੀ ਬੜ੍ਹਤ ਬਣਾਈ ਪਰ ਭਾਰਤੀ ਜੋੜੀ ਨੇ 12-12 'ਤੇ ਬਰਾਬਰੀ ਹਾਸਲ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜਿੱਤ ਹਾਸਲ ਕੀਤੀ।