ਸ਼ੁਭਮਨ ਨੇ ਦਿਖਾਇਆ ਕਿ ਹਰ ਕ੍ਰਮ ’ਤੇ ਬੱਲੇਬਾਜ਼ੀ ਦੀ ਤਕਨੀਕ ਉਸ ਕੋਲ ਹੈ : ਸਚਿਨ
Sunday, Dec 05, 2021 - 04:17 PM (IST)
ਮੁੰਬਈ– ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਿਹਾ ਕਿ ਸ਼ੁਭਮਨ ਗਿੱਲ ਕੋਲ ਭਾਰਤੀ ਟੈਸਟ ਟੀਮ ਵਿਚ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਦੀ ਤਕਨੀਕ ਤੇ ਤੇਵਰ ਹਨ ਪਰ ਉਸ ਨੂੰ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਬਦਲਣਾ ਪਵੇਗਾ। ਨਿਊਜ਼ੀਲੈਂਡ ਵਿਰੁੱਧ ਕਾਨਪੁਰ ਟੈਸਟ ਵਿਚ 52 ਦੌੜਾਂ ਬਣਾਉਣ ਵਾਲਾ ਗਿੱਲ ਮੁੰਬਈ ਟੈਸਟ ਵਿਚ ਵੀ ਵੱਡੀ ਪਾਰੀ ਵੱਲ ਵੱਧ ਰਿਹਾ ਸੀ ਪਰ ਖੱਬੇ ਹੱਥ ਦੇ ਸਪਿਨਰ ਏਜ਼ਾਜ਼ ਪਟੇਲ ਨੇ ਉਸ ਨੂੰ ਆਊਟ ਕਰ ਦਿੱਤਾ।
ਕੀ ਗਿੱਲ ਕੋਲ ਦੱਖਣੀ ਅਫਰੀਕਾ ਵਿਚ ਮੱਧਕ੍ਰਮ ਵਿਚ ਚੰਗੀ ਬੱਲੇਬਾਜ਼ੀ ਕਰਨ ਦੀ ਤਕਨੀਕ ਹੈ, ਇਹ ਪੁੱਛਣ ’ਤੇ ਤੇਂਦੁਲਕਰ ਨੇ ਕਿਹਾ,‘‘ਜਿੱਥੋਂ ਤਕ ਤਕਨੀਕ ਦੀ ਗੱਲ ਹੈ ਤਾਂ ਵੱਖ-ਵੱਖ ਪਿੱਚਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ। ਮੇਰਾ ਮੰਨਣਾ ਹੈ ਕਿ ਸ਼ੁਭਮਨ ਨੂੰ ਫਾਇਦਾ ਹੈ ਕਿ ਉਸ ਨੇ ਬ੍ਰਿਸਬੇਨ ਵਿਚ 91 ਦੌੜਾਂ ਦੀ ਪਾਰੀ ਖੇਡੀ ਹੈ, ਜਿੱਥੇ ਅਸੀਂ ਟੈਸਟ ਜਿੱਤਿਆ ਸੀ।’’ ਉਸ ਨੇ ਕਿਹਾ,‘‘ਸ਼ੁਭਮਨ ਕੋਲ ਕਠੋਰ ਤੇ ਉਛਾਲ ਭਰੀਆਂ ਪਿੱਚਾਂ ’ਤੇ ਖੇਡਣ ਦਾ ਤਜਰਬਾ ਹੈ। ਤਕਨੀਕ ਨੂੰ ਲੈ ਕੇ ਕੋਈ ਮਸਲਾ ਨਹੀਂ ਹੈ। ਉਸ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਹੁਣ ਇਸ ਨੂੰ ਵੱਡੀ ਪਾਰੀ ਵਿਚ ਬਦਲਣ ਦਾ ਸਮਾਂ ਆ ਗਿਆ ਹੈ।’’