ਧਰਮਸ਼ਾਲਾ ਤੋਂ ਬਰਮਿੰਘਮ ਤੱਕ: ਸ਼ੁਭਮਨ ਗਿੱਲ ਬਣਿਆ ਟੀਮ ਇੰਡੀਆ ਦਾ ਨਵਾਂ ਪੋਸਟਰ ਬੁਆਏ
Wednesday, Jul 09, 2025 - 03:32 PM (IST)

ਸਪੋਰਟਸ ਡੈਸਕ- 2015 ਵਿੱਚ ਪੰਜਾਬ ਦੀ U-16 ਟੀਮ ਜਦੋਂ ਧਰਮਸ਼ਾਲਾ ਦੇ ਸੁੰਦਰ HPCA ਸਟੇਡਿਅਮ ‘ਚ ਦੌਰੇ 'ਤੇ ਪਹੁੰਚੀ ਸੀ, ਤਾਂ ਉਨ੍ਹਾਂ ਵਿੱਚ ਇੱਕ ਚੁੱਪਚਾਪ ਤੇ ਕੇਂਦ੍ਰਿਤ 15 ਸਾਲਾ ਲੜਕਾ ਵੀ ਸੀ—ਸ਼ੁਭਮਨ ਗਿੱਲ। ਨੈੱਟਸ ‘ਚ ਉਸਦੇ ਕਵਰ ਡਰਾਈਵ ਤੇ ਨਰਮ-ਮੁਲਾਇਮ ਫਲਿਕਾਂ ਨੇ ਉਸ ਵੇਲੇ ਹੀ ਸਾਰਿਆਂ ਦਾ ਧਿਆਨ ਖਿੱਚ ਲਿਆ ਸੀ।
ਉਸ ਵੇਲੇ HPCA ਦੇ ਸਾਬਕਾ ਸਕੱਤਰ ਸੁਮਿਤ ਸ਼ਰਮਾ ਨੇ ਦਾਅਵਾ ਕੀਤਾ ਸੀ, "ਸ਼ੁਭਮਨ ਨੂੰ ਬੱਲੇਬਾਜ਼ੀ ਕਰਦੇ ਦੇਖੋਗੇ ਤਾਂ ਕੋਹਲੀ ਨੂੰ ਭੁੱਲ ਜਾਓਗੇ।" ਹੁਣ ਇੱਕ ਦਹਾਕੇ ਬਾਅਦ, ਇਹ ਗੱਲ ਫ਼ਿਜ਼ੂਲ ਨਹੀਂ ਲੱਗਦੀ।
ਇੰਗਲੈਂਡ ਖ਼ਿਲਾਫ਼ ਸੀਰੀਜ਼ ਵਿੱਚ ਭਾਰਤ ਦੇ ਨਵੇਂ ਟੈਸਟ ਕਪਤਾਨ ਵਜੋਂ ਸ਼ੁਭਮਨ ਗਿੱਲ ਨੇ 430 ਦੌੜਾਂ (269 ਦੀ ਸਰਵੋਤਮ ਪਾਰੀ ਸਮੇਤ) ਬਣਾ ਕੇ ਨਾਂ ਸਿਰਫ਼ ਦਹਾਕਾ ਬਣਾ ਦਿੱਤਾ, ਸਗੋਂ ਟੈਸਟ ਇਤਿਹਾਸ ਦਾ ਸਭ ਤੋਂ ਨੌਜਵਾਨ ਡਬਲ ਸੈਂਚਰੀ ਸਕੋਰਰ ਕੈਪਟਨ ਵੀ ਬਣ ਗਿਆ। ਗਿੱਲ ਦੀ ਇਹ ਪਾਰੀ ਭਾਰਤ ਵੱਲੋਂ ਸੀਰੀਜ਼ 1-1 ਨਾਲ ਬਰਾਬਰ ਕਰਨ ਲਈ ਨਿਰਣਾਇਕ ਰਹੀ।
25 ਸਾਲਾ ਗਿੱਲ ਦੀ ਕਹਾਣੀ—ਧਰਮਸ਼ਾਲਾ ਦੇ ਨੈੱਟਸ ਤੋਂ ਬਰਮਿੰਘਮ 'ਚ ਟੀਮ ਨੂੰ ਅੱਗੇ ਲੈ ਕੇ ਜਾਣ ਤੱਕ—ਇਹ ਸਿਰਫ਼ ਸ਼ੁਰੂਆਤ ਹੈ।
ਬ੍ਰਾਂਡ ਮਾਹਿਰਾਂ ਅਨੁਸਾਰ, ਗਿੱਲ ਹੁਣ ਦੇਸ਼ ਦਾ ਸਭ ਤੋਂ ਵਧੀਆ ਖੇਡ ਅੰਬੈਸਡਰ ਬਣ ਰਿਹਾ ਹੈ। ਉਸ ਦੀ ਦਿੱਖ, ਉਮਰ ਅਤੇ ਕਪਤਾਨੀ ਦਾ ਭਰੋਸਾ, ਬ੍ਰਾਂਡ ਵੈਲਿਊ ਵਿੱਚ ਵੱਡਾ ਉਛਾਲ ਲਿਆ ਰਹੇ ਹਨ। ਸਿਰਫ਼ ਦੋ ਸਾਲ ਪਹਿਲਾਂ 1 ਕਰੋੜ ਲੈਣ ਵਾਲਾ ਗਿੱਲ ਹੁਣ 27 ਕਰੋੜ ਲੈ ਰਿਹਾ ਹੈ। 2023 'ਚ ਜਿੱਥੇ ਉਸ ਦੀ ਐਂਡੋਸਮੈਂਟ ਕਮਾਈ ₹45 ਕਰੋੜ ਸੀ, 2025 ਵਿੱਚ ਇਹ ₹265 ਕਰੋੜ ‘ਤੇ ਪਹੁੰਚ ਗਈ ਹੈ।
ਉਹ ਹੁਣ Nike, Coca-Cola, Tata Capital, Bajaj Allianz, Oakley, MRF ਅਤੇ Engage ਵਰਗੀਆਂ ਕੰਪਨੀਆਂ ਦੇ ਚਿਹਰੇ ਹਨ। MRF ਨਾਲ ਤਿੰਨ ਸਾਲ ਦੀ ₹35 ਕਰੋੜ ਦੀ ਡੀਲ ਉਸ ਦੀ ਮਾਲੀ ਕਦਰ ਨੂੰ ਦਰਸਾਉਂਦੀ ਹੈ।
ਮਾਹਿਰਾਂ ਦੀ ਰਾਏ:
ਸੁਮਿਤ ਸਿਨਹਾ: "ਉਹ ਭਾਰਤ ਦਾ ਸਭ ਤੋਂ ਮੁੱਲਵਾਨ ਖਿਡਾਰੀ ਬਣ ਸਕਦਾ ਹੈ।"
ਸੰਦੀਪ ਗੋਯਲ: "ਉਸ ਦੀ ਸਧਾਰਨਤਾ, ਟੈਂਟ੍ਰਮ ਤੋਂ ਰਹਿਤ ਵਿਅਕਤੀਤਵ ਅਤੇ ਕਮਾਲ ਦੀ ਬੱਲੇਬਾਜ਼ੀ ਉਸਨੂੰ ਬ੍ਰਾਂਡਾਂ ਲਈ ਆਕਰਸ਼ਕ ਬਣਾਉਂਦੇ ਹਨ।"
ਹਰੀਸ਼ ਬਿਜਨੂਰ: ''ਗਿੱਲ ਇਕ ਨਵਾਂ ਉਭਰਦਾ ਹੋਇਆ ਸਿਤਾਰਾ ਹੈ।"
ਗਿੱਲ ਦਾ ਉਭਾਰ ਸਿਰਫ਼ ਇੱਕ ਖਿਡਾਰੀ ਦੀ ਕਾਮਯਾਬੀ ਨਹੀਂ, ਸਗੋਂ ਭਾਰਤੀ ਕ੍ਰਿਕਟ ਵਿਚ ਆ ਰਹੇ ਨਵੇਂ ਯੁੱਗ ਦੀ ਸ਼ੁਰੂਆਤ ਹੈ।