ਜੇਕਰ ਇਸ ਦੌਰ ’ਚ ਖੇਡ ਰਹੇ ਹੁੰਦੇ ਤਾਂ 1.30 ਲੱਖ ਤੋਂ ਵੱਧ ਦੌੜਾਂ ਬਣਾਉਂਦੇ ਸਚਿਨ : ਸ਼ੋਇਬ ਅਖਤਰ
Friday, May 22, 2020 - 10:25 AM (IST)

ਸਪੋਰਟਸ ਡੈਸਕ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਨੂੰ ਅਲਵਿਦਾ ਕਹੇ ਤਕਰੀਬਨ 7 ਸਾਲ ਹੋਏ ਗਏ ਹਨ ਪਰ ‘ਕ੍ਰਿਕਟ ਦੇ ਭਗਵਾਨ’ ਦੀ ਮਹਾਨਤਾ ਅੱਜ ਵੀ ਘੱਟ ਨਹੀਂ ਹੋਈ। ਅੱਜ ਵੀ ਨੌਜਵਾਨ ਕ੍ਰਿਕਟਰਾਂ ਨੂੰ ਸਚਿਨ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਰਿਕਾਰਡਜ਼ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਸਚਿਨ ਤੇਂਦੁਲਕਰ ਦੇ ਨਾਂ ਅਜਿਹੇ ਕਈ ਰਿਕਾਰਡਜ਼ ਦਰਜ ਹਨ, ਜਿਨਾਂ ਨੂੰ ਕਿਸੇ ਲਈ ਵੀ ਤੋੜਨਾ ਕਾਫ਼ੀ ਮੁਸ਼ਕਿਲ ਹੈ। ਸਚਿਨ ਦੇ ਰਿਕਾਰਡਜ਼ ਨੂੰ ਤੋੜਨ ਨੂੰ ਲੈ ਕੇ ਹਮੇਸ਼ਾ ਵਿਰਾਟ ਕੋਹਲੀ ਦਾ ਨਾਂ ਸਾਹਮਣੇ ਆਉਂਦਾ ਹੈ, ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਮੁਤਾਬਕ ਸਚਿਨ ਤੇਂਦੁਲਕਰ ਅਤੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਕਰਨਾ ਗਲਤ ਹੋਵੇਗਾ ਕਿਉਂਕਿ ਸਚਿਨ ਨੇ ਕ੍ਰਿਕਟ ਦੇ ਹੁਣੇ ਤਕ ਦੇ ਸਭ ਤੋਂ ਮੁਸ਼ਕਿਲ ਦੌਰ ’ਚ ਖੇਡਦੇ ਹੋਏ ਬੱਲੇਬਾਜ਼ੀ ਦੇ ਕਈ ਰਿਕਾਰਡ ਬਣਾਏ। ਕੋਹਲੀ ਨੂੰ ਸਚਿਨ ਦਾ ਵਾਰਿਸ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਆਦਰਸ਼ ਦੇ ਕੁਝ ਰਿਕਾਰਡ ਤੋੜ ਵੀ ਦਿੱਤੇ ਹਨ।
ਕੋਹਲੀ ਦੀ ਮਹਾਨਤਾ ਨੂੰ ਮੰਨਦੇ ਹੋਏ ਅਖਤਰ ਨੇ ਕਿਹਾ ਹੈ ਕਿ ਸਚਿਨ ਨੇ ਸਭ ਤੋਂ ਮੁਸ਼ਕਲ ਵਿਰੋਧੀਆਂ ਦੇ ਸਾਹਮਣੇ ਖੇਡਿਆ ਹੈ ਅਤੇ ਇਸ ਲਈ ਉਹ ਅਖਤਰ ਦੀ ਨਜ਼ਰ ’ਚ ਕੋਹਲੀ ਤੋਂ ਅੱਗੇ ਹਨ। ਅਖਤਰ ਨੇ ਹੈਲੋ ਐਪ ’ਤੇ ਗੱਲ ਕਰਦੇ ਹੋਏ ਕਿਹਾ, ਸਚਿਨ ਨੇ ਕ੍ਰਿਕਟ ਦੇ ਸਭ ਤੋਂ ਮੁਸ਼ਕਿਲ ਦੌਰ ’ਚ ਬੱਲੇਬਾਜ਼ੀ ਕੀਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਚ ਸਭ ਤੋਂ ਵੱਧ ਦੌੜਾਂ (34,357) ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਕੋਲ ਹੈ, ਅਖਤਰ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੂੰ ਹੁਣ ਮੌਕਾ ਮਿਲਦਾ ਤਾਂ ਉਹ 1.30 ਲੱਖ ਤੋਂ ਵੀ ਵੱਧ ਦੌੜਾਂ ਬਣਾਉਂਦੇ। ਇਸ ਲਈ ਸਚਿਨ ਅਤੇ ਕੋਹਲੀ ਦੀ ’ਚ ਤੁਲਨਾ ਕਰਨਾ ਠੀਕ ਨਹੀਂ ਹੋਵੇਗਾ।
ਅਖਤਰ ਨੇ ਨਾਲ ਹੀ ਦੱਸਿਆ ਕਿ ਉਹ 2003 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ ਸਚਿਨ ਨੂੰ ਸੈਂਕੜਾ ਪੂਰਾ ਕਰਦੇ ਹੋਏ ਦੇਖਣਾ ਚਾਹੁੰਦੇ ਸਨ। ਸਚਿਨ ਉਸ ਮੈਚ ’ਚ 98 ਦੌੜਾਂ ’ਤੇ ਅਖਤਰ ਦੀ ਗੇਂਦ ’ਤੇ ਆਊਟ ਹੋ ਗਏ ਸਨ। ਸੈਂਚੁਰੀਅਨ ’ਚ ਖੇਡੇ ਗਏ ਇਸ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਅਖਤਰ ਨੇ ਕਿਹਾ, ਮੈਂ ਕਾਫ਼ੀ ਦੁੱਖੀ ਸੀ ਕਿਉਂਕਿ ਸਚਿਨ 98 ਦੌੜਾਂ ’ਤੇ ਆਊਟ ਹੋ ਗਏ ਸਨ। ਉਹ ਵਿਸ਼ੇਸ਼ ਪਾਰੀ ਸੀ। ਉਨ੍ਹਾਂ ਨੂੰ ਸੈਂਕੜਾ ਬਣਾਉਣਾ ਚਾਹੀਦਾ ਹੈ ਸੀ। ਮੈਂ ਚਾਹੁੰਦਾ ਸੀ ਕਿ ਉਹ ਸੈਂਕੜਾ ਪੂਰਾ ਕਰਨ , ਉਸ ਬਾਊਂਸਰ ’ਤੇ ਮੈਂ ਛੱਕਾ ਦੇਖਣਾ ਪਸੰਦ ਕਰਦਾ ਜੋ ਉਨ੍ਹਾਂ ਨੇ ਮੈਨੂੰ ਪਹਿਲਾਂ ਮਾਰਿਆ ਸੀ।