11 ਸਾਲ ਬਾਅਦ ਟੀਮ ਇੰਡੀਆ ਦੇ ''ਗੱਬਰ'' ਦੀ ਹੋਈ ਇਸ ਟੀਮ ''ਚ ਵਾਪਸੀ
Wednesday, Oct 31, 2018 - 11:57 AM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਗੱਬਰ ਸ਼ਿਖਰ ਧਵਨ ਆਈ.ਪੀ.ਐੱਲ. 2019 'ਚ ਆਪਣੀ ਘਰੇਲੂ ਟੀਮ ਦਿੱਲੀ ਡੇਅਰਡੇਵਿਲਸ ਨਾਲ ਖੇਡਦੇ ਨਜ਼ਰ ਆਉਣਗੇ। ਇਸ ਦਮਦਾਰ ਓਪਨਰ ਦੀ 11 ਸਾਲ ਬਾਅਦ ਡੇਅਰਡੇਵਿਲਸ ਟੀਮ 'ਚ ਵਾਪਸੀ ਹੋਈ ਹੈ। ਈ.ਐੱਸ.ਪੀ.ਐੱਨ. ਕ੍ਰਿਕਇੰਫੋ ਮੁਤਾਬਕ ਸ਼ਿਖਰ ਧਵਨ ਨੂੰ ਟ੍ਰੇਡ ਕਰਨ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਲੀ ਤੋਂ ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ ਅਤੇ ਸ਼ਾਹਬਾਜ ਨਦੀਮ ਦੇ ਰੂਪ 'ਚ ਤਿੰਨ ਖਿਡਾਰੀ ਮਿਲਣਗੇ। ਸ਼ਿਖਰ ਧਵਨ ਨੇ 2008 'ਚ ਦਿੱਲੀ ਲਈ ਖੇਡਦੇ ਹੋਏ ਆਈ.ਪੀ.ਐੱਲ. ਡੈਬਿਊ ਕੀਤਾ ਸੀ, ਉਹ ਪਿਛਲੇ ਕਈ ਸਾਲ ਤੋਂ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਹਿੱਸਾ ਹੈ।
ਸਨਰਾਈਜ਼ਰਜ਼ ਨੇ ਪਿਛਲੇ ਸੀਜ਼ਨ 'ਚ ਉਨ੍ਹਾਂ ਨੂੰ ਰਿਟੇਨ ਕਰਨ ਦੀ ਬਜਾਏ ਰਾਇਟ ਟੂ ਮੈਚ ਕਾਰਡ ਦੇ ਜਰੀਏ 5.2 ਕਰੋੜ ਦੀ ਰਕਮ 'ਚ ਆਪਣੀ ਟੋਲੀ 'ਚ ਸ਼ਾਮਲ ਕੀਤਾ ਸੀ। ਜਦਕਿ ਦਿੱਲੀ ਨੇ ਵਿਜੇ ਸ਼ੰਕਰ ਨੂੰ 3.2 ਕਰੋੜ, ਅਤੇ ਅਭਿਸ਼ੇਕ ਨੂੰ 55 ਲੱਖ ਰੁਪਏ 'ਚ ਖਰੀਦਿਆ ਸੀ, ਯਾਨੀ ਇਨ੍ਹਾਂ ਤਿੰਨਾਂ ਲਈ ਕੁਲ 6.95 ਕਰੋੜ ਰੁਪਏ ਖਰਚ ਕੀਤੇ ਸਨ, ਟ੍ਰੇਡਿੰਗ ਵਿੰਡੋ ਦੇ ਤਹਿਤ ਸ਼ਿਖਰ ਹੁਣ ਦਿੱਲੀ ਟੀਮ ਨਾਲ ਜੁੜ ਜਾਣਗੇ ਅਤੇ ਹੈਦਰਾਬਾਦ ਨੂੰ ਬਾਕੀ ਰਕਮ ਕੈਸ਼ ਦੇ ਰੂਪ 'ਚ ਅਦਾ ਕਰਨੀ ਪਵੇਗੀ।
2008 'ਚ ਦਿੱਲੀ ਲਈ ਆਈ.ਪੀ.ਐੱਲ.ਡੈਬਿਊ ਕਰਨ ਵਾਲੇ ਸ਼ਿਖਰ ਮੁੰਬਈ ਇੰਡੀਅਨਜ਼ ਦੇ ਇਲਾਵਾ ਡੈਕਨ ਚਾਰਜਰਜ਼ ਲਈ ਵੀ ਖੇਡ ਚੁੱਕੇ ਹਨ, ਜਦਕਿ ਸਨਰਾਈਜ਼ਰਸ ਨਾਲ ਉਹ 2013 'ਚ ਜੁੜੇ ਸਨ। ਧਵਨ ਨੇ ਸਨਰਾਈਜ਼ਰਜ਼ ਲਈ ਪਿਛਲੇ ਸੀਜ਼ਨ 'ਚ 16 ਮੈਚਾਂ 'ਚ 35.50 ਦੇ ਔਸਤ ਅਤੇ 136.91 ਦੇ ਸਟ੍ਰਾਇਕ ਰੇਟ ਨਾਲ 479 ਦੌੜਾਂ ਬਣਾਈਆਂ ਸਨ, ਜਦਕਿ ਉਨ੍ਹਾਂ ਨੇ ਸਨਰਾਈਜ਼ਰਜ਼ ਲਈ ਕੁਲ 91 ਪਾਰੀਆਂ 'ਚ 2768 ਦੌੜਾਂ ਬਣਾਈਆਂ ਹਨ ਅਤੇ ਉਹ ਸਭ ਤੋਂ ਅਧਿਕ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਹਾਲਾਂਕਿ ਧਵਨ ਨੇ ਆਪਣੇ ਆਈ.ਪੀ.ਐੱਲ. ਕਰੀਅਰ 'ਚ 143 ਖੇਡਦੇ ਹੋਏ, 123.53 ਦੀ ਸਟ੍ਰਾਇਕ ਰੇਟ ਨਾਲ 4058 ਦੌੜਾਂ ਬਣਾਈਆਂ ਹਨ, ਜਿਸ 'ਚ 32 ਅਰਧ ਸੈਂਕੜੇ ਸ਼ਾਮਿਲ ਹਨ। ਉਹ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕ੍ਰਿਕਟਰਸ ਦੀ ਲਿਸਟ 'ਚ 6ਵੇਂ ਨੰਬਰ 'ਤੇ ਹਨ ਆਈ.ਪੀ.ਐੱਲ, ਦੇ ਕਿੰਗ ਸੁਰੇਸ਼ ਰੈਨਾ (4985) ਹਨ।