ਸ਼ੈਲਬੀ ਤੇ ਡਾਰੀਆ ਨੇ ਖੇਡਿਆ ਸਭ ਤੋਂ ਲੰਬਾ ਮੈਚ

09/02/2017 5:05:14 AM

ਨਿਊਯਾਰਕ— ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੁਕਾਬਲਿਆਂ 'ਚ ਪ੍ਰਸ਼ੰਸਕਾਂ ਨੂੰ ਯੂ. ਐੱਸ. ਓਪਨ ਵਿਚ ਮਹਿਲਾਵਾਂ ਦੇ ਸਭ ਤੋਂ ਲੰਬੇ ਮੈਚ ਦੇਖਣ ਨੂੰ ਮਿਲੇ। ਅਮਰੀਕਾ ਦੀ ਸ਼ੈਲਬੀ ਰੋਜਰਸ ਨੇ ਆਸਟ੍ਰੇਲੀਆ ਦੀ ਡਾਰੀਆ ਗੈਵਰਿਲੋਵਾ ਨੂੰ 7-6, 4-6, 7-6 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ। ਰੋਜਰਸ ਨੇ 25ਵਾਂ ਦਰਜਾ ਗੈਵਰਿਲੋਵਾ ਨੂੰ 3 ਘੰਟੇ 33 ਮਿੰਟ 'ਚ ਹਰਾਇਆ, ਜਿਹੜਾ ਇਸ ਗ੍ਰੈਂਡ ਸਲੈਮ ਦੇ ਮਹਿਲਾ ਵਰਗ ਦਾ ਸਭ ਤੋਂ ਲੰਬਾ ਮੈਚ ਹੈ।
ਇਸ ਤੋਂ ਪਹਿਲਾਂ ਸਭ ਤੋਂ ਲੰਬੇ ਮਹਿਲਾ ਮੈਚ ਦਾ ਰਿਕਾਰਡ ਤਿੰਨ ਘੰਟੇ 23 ਮਿੰਟ ਦਾ ਰਿਹਾ ਸੀ, ਜਦੋਂ ਬ੍ਰਿਟੇਨ ਦੀ ਜੋਹਾਨਾ ਕੋਂਟਾ ਨੇ ਸਪੇਨ ਦੀ ਗਰਬਾਇਨ ਮੁਗੁਰੂਜਾ ਨੂੰ 2015 'ਚ ਦੂਜੇ ਦੌਰ 'ਚ 7-6, 6-7, 6-2 ਨਾਲ ਹਰਾਇਆ ਸੀ। 
ਦੂਜੇ ਦੌਰ ਦੇ ਹੋਰਨਾਂ ਮੈਚਾਂ 'ਚ ਨੰਬਰ ਵਨ ਖਿਡਾਰਨ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਨੇ ਘਰੇਲੂ ਖਿਡਾਰਨ ਨਿਕੋਲ ਗਿਬਸ ਨੂੰ 2-6, 6-3, 6-4 ਨਾਲ ਹਰਾਇਆ। ਪਿਛਲੇ ਸਾਲ ਦੀ ਉਪ-ਜੇਤੂ ਚੋਟੀ ਦਰਜਾ ਪ੍ਰਾਪਤ ਖਿਡਾਰਨ ਸਾਹਮਣੇ ਹੁਣ ਚੀਨ ਦੀ ਝਾਂਗ ਸ਼ੂਆਈ ਹੋਵੇਗੀ, ਜਿਸ ਨੇ ਜਾਪਾਨ ਦੀ ਰੀਸਾ ਓਜਾਕੀ ਨੂੰ ਇਕਤਰਫਾ ਮੈਚ 'ਚ 6-0, 6-3 ਨਾਲ ਹਰਾਇਆ।
ਲਾਤੀਵੀਆ ਦੀ 12ਵੀਂ ਸੀਡ ਯੇਲੇਨਾ ਓਸਤਾਪੇਂਕੋ ਨੇ ਫ੍ਰੈਂਚ ਓਪਨ ਜਿੱਤਣ ਤੋਂ ਬਾਅਦ ਇਸ ਸਾਲ ਆਪਣੇ ਦੂਜੇ ਗ੍ਰੈਂਡ ਸਲੈਮ ਵੱਲ ਕਦਮ ਵਧਾਉਂਦਿਆਂ ਸੋਰਾਨਾ ਸਿਰਸਿਟਯਾ ਨੂੰ  6-4, 6-4 ਨਾਲ ਹਰਾਇਆ, ਜਦਕਿ ਸਵੀਤੋਲਿਨਾ ਨੇ ਰੂਸ ਦੀ ਐਵੇਜੀਨਾ ਰੋਡਿਨਾ ਨੂੰ ਲਗਾਤਾਰ ਸੈੱਟਾਂ 'ਚ 6-4, 6-4 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਇਸ ਤੋਂ ਇਲਾਵਾ ਪੋਲੈਂਡ ਦੀ ਐਗਨੇਸਕਾ ਰਦਵਾਂਸਕਾ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਸੇਵਾ ਨੂੰ 7-5, 6-2 ਨਾਲ ਹਰਾ ਕੇ ਜਿੱਤ ਦਰਜ ਕੀਤੀ।


Related News