ਸ਼ੇਡਗੇ ਸੈਂਕੜੇ ਤੋਂ ਖੁੰਝਿਆ, ਮੁੰਬਈ ਦੀਆਂ 6 ਵਿਕਟਾਂ ''ਤੇ 248 ਦੌੜਾਂ
Saturday, Oct 26, 2024 - 06:48 PM (IST)
ਅਗਰਤਲਾ, (ਭਾਸ਼ਾ) ਨੌਜਵਾਨ ਬੱਲੇਬਾਜ਼ ਸੂਰਯਾਂਸ਼ ਸ਼ੇਡਗੇ ਸਿਰਫ ਇਕ ਦੌੜ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਦੀ 99 ਦੌੜਾਂ ਦੀ ਪਾਰੀ ਦੀ ਬਦੌਲਤ ਮੌਜੂਦਾ ਚੈਂਪੀਅਨ ਮੁੰਬਈ ਨੇ ਸ਼ਨੀਵਾਰ ਨੂੰ ਇੱਥੇ ਤ੍ਰਿਪੁਰਾ ਖਿਲਾਫ ਆਪਣੀ ਪਹਿਲੀ ਪਾਰੀ ਵਿਚ ਛੇ ਵਿਕਟਾਂ 'ਤੇ 248 ਦੌੜਾਂ ਬਣਾਈਆਂ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇਸ ਤੋਂ ਬਾਅਦ 21 ਸਾਲਾ ਸ਼ੈਡਗੇ ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੇ 93 ਗੇਂਦਾਂ ਦੀ ਆਪਣੀ ਪਾਰੀ ਵਿੱਚ 10 ਚੌਕੇ ਤੇ ਚਾਰ ਛੱਕੇ ਲਾਏ।
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼ਮਸ ਮੁਲਾਨੀ (38) ਅਤੇ ਹਿਮਾਂਸ਼ੂ ਵੀਰ ਸਿੰਘ (05) ਕ੍ਰੀਜ਼ 'ਤੇ ਮੌਜੂਦ ਸਨ। ਮੁੰਬਈ ਨੇ ਸਲਾਮੀ ਬੱਲੇਬਾਜ਼ ਆਯੂਸ਼ ਮਹਾਤਰੇ (04) ਅਤੇ ਸਿਧਾਂਤ ਅਧਤਾਰਾਓ (05) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ, ਜਿਸ ਨਾਲ ਉਸ ਦਾ ਸਕੋਰ ਦੋ ਵਿਕਟਾਂ 'ਤੇ 13 ਦੌੜਾਂ 'ਤੇ ਰਹਿ ਗਿਆ। ਸਲਾਮੀ ਬੱਲੇਬਾਜ਼ ਅੰਗਕ੍ਰਿਸ਼ ਰਘੁਵੰਸ਼ੀ (28) ਅਤੇ ਕਪਤਾਨ ਅਜਿੰਕਯ ਰਹਾਣੇ (35) ਨੇ 54 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਨਾਲ ਮੁੰਬਈ ਦਾ ਸਕੋਰ ਚਾਰ ਵਿਕਟਾਂ 'ਤੇ 87 ਦੌੜਾਂ ਹੋ ਗਿਆ। ਇਸ ਤੋਂ ਬਾਅਦ ਸ਼ੈਡਗੇ ਨੇ ਸਿਧੇਸ਼ ਲਾਡ (29) ਨਾਲ 70 ਅਤੇ ਮੁਲਾਨੀ ਨਾਲ 85 ਦੌੜਾਂ ਜੋੜੀਆਂ।
ਤ੍ਰਿਪੁਰਾ ਲਈ ਮਨੀਸ਼ੰਕਰ ਮੁਰਾਸਿੰਘ ਅਤੇ ਅਭਿਜੀਤ ਸਰਕਾਰ ਨੇ ਦੋ-ਦੋ ਵਿਕਟਾਂ ਲਈਆਂ। ਵਡੋਦਰਾ 'ਚ ਖੇਡੇ ਜਾ ਰਹੇ ਗਰੁੱਪ-ਏ ਦੇ ਮੈਚ 'ਚ ਅੰਕ ਸੂਚੀ 'ਚ ਸਿਖਰ 'ਤੇ ਕਾਬਜ਼ ਬੜੌਦਾ ਨੇ ਸਪਿਨਰ ਮਹੇਸ਼ ਪਿਥੀਆ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਓਡੀਸ਼ਾ ਨੂੰ 65 ਓਵਰਾਂ 'ਚ 193 ਦੌੜਾਂ 'ਤੇ ਆਊਟ ਕਰ ਦਿੱਤਾ। ਓਡੀਸ਼ਾ ਲਈ ਬਿਪਲਬ ਸਾਮੰਤਰੇ ਨੇ 132 ਗੇਂਦਾਂ ਵਿੱਚ 58 ਦੌੜਾਂ ਬਣਾਈਆਂ, ਜਦਕਿ ਸ਼ਾਂਤਨੂ ਮਿਸ਼ਰਾ ਨੇ 23 ਅਤੇ ਆਸ਼ੀਰਵਾਦ ਸਵੈਨ ਨੇ 37 ਦੌੜਾਂ ਬਣਾਈਆਂ। ਬੜੌਦਾ, ਜਿਸ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ, ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ 'ਤੇ 50 ਦੌੜਾਂ ਬਣਾ ਲਈਆਂ ਸਨ। ਉਦੋਂ ਸ਼ਿਵਾਲਿਕ ਸ਼ਰਮਾ (28) ਅਤੇ ਸ਼ਾਸ਼ਵਤ ਰਾਵਤ (17) ਕ੍ਰੀਜ਼ 'ਤੇ ਸਨ।