ਸ਼ਾਸਤਰੀ ਨੇ ਚੁੱਕਿਆ ਖਿਡਾਰੀਆਂ ਦੇ ''ਬਰਨ ਆਊਟ'' ਦਾ ਮੁੱਦਾ
Sunday, Sep 10, 2017 - 03:29 AM (IST)

ਨਵੀਂ ਦਿੱਲੀ— ਰਾਸ਼ਟਰੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੋਲ ਖਿਡਾਰੀਆਂ ਨੂੰ ਜ਼ਿਆਦਾ ਕਾਰਜਭਾਰ ਦੇ ਦਬਾਅ ਤੋਂ ਬਚਾਉਣ ਲਈ ਸੀਰੀਜ਼ ਵਿਚ ਉਨ੍ਹਾਂ ਨੂੰ ਆਰਾਮ ਦੇਣ ਦਾ ਮੁੱਦਾ ਚੁੱਕਿਆ ਹੈ। ਸ਼ਾਸਤਰੀ ਨੇ ਬੋਰਡ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਵੀਡੀਓ ਕਾਨਫਰੰੰਸਿੰਗ ਜ਼ਰੀਏ ਹਿੱਸਾ ਲਿਆ ਅਤੇ ਕੋਚ ਬਣਨ ਤੋਂ ਬਾਅਦ ਆਪਣੇ ਪਹਿਲੇ ਸ਼੍ਰੀਲੰਕਾਈ ਦੌਰੇ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਸ਼ਾਸਤਰੀ ਨੂੰ ਅਨਿਲ ਕੁੰਬਲੇ ਦੀ ਜਗ੍ਹਾ 'ਤੇ ਟੀਮ ਇੰਡੀਆ ਦਾ ਕੋਚ ਬਣਾਇਆ ਗਿਆ ਹੈ ਅਤੇ ਹਾਲ ਹੀ ਵਿਚ ਸਮਾਪਤ ਹੋਈ ਸ਼੍ਰੀਲੰਕਾ ਸੀਰੀਜ਼ ਉਸ ਦੀ ਬਤੌਰ ਕੋਚ ਪਹਿਲੀ ਸੀਰੀਜ਼ ਸੀ, ਜਿਸ 'ਚ ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਨੇ 9-0 ਨਾਲ ਇਤਿਹਾਸਕ ਜਿੱਤ ਦਰਜ ਕੀਤੀ ਸੀ।
ਸ਼ਾਸਤਰੀ ਨੇ ਵਿਦੇਸ਼ੀ ਟੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਗਲੈਂਡ ਤੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਦੌਰੇ ਦੇ ਵਿਚਾਲੇ ਵੀ ਕ੍ਰਿਸਮਸ ਵਰਗੇ ਤਿਉਹਾਰਾਂ ਲਈ ਛੁੱਟੀ ਦਿੱਤੀ ਜਾਂਦੀ ਹੈ, ਜਦਕਿ ਭਾਰਤ ਦੀ ਨਿਊਜ਼ੀਲੈਂਡ ਨਾਲ ਸੀਰੀਜ਼ ਦੀਵਾਲੀ ਦੌਰਾਨ ਸ਼ੁਰੂ ਹੋਵੇਗੀ। ਹਾਲਾਂਕਿ ਬੀ. ਸੀ. ਸੀ. ਆਈ. ਨੇ ਫਿਲਹਾਲ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਾਰਨ ਖਿਡਾਰੀਆਂ ਨੂੰ ਲੰਬੇ ਸਮੇਂ ਤਕ ਆਰਾਮ ਦੇਣ 'ਤੇ ਅਸਹਿਮਤੀ ਪ੍ਰਗਟਾਈ ਹੈ।