ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ : ਗੁਕੇਸ਼ ਨੇ ਜਿੱਤ ਨਾਲ ਕੀਤੀ ਵਾਪਸੀ

Tuesday, May 23, 2023 - 06:47 PM (IST)

ਸ਼ਾਰਜਾਹ, (ਨਿਕਲੇਸ਼ ਜੈਨ)– ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਪੰਜਵਾਂ ਰਾਊਂਡ ਹੁਣ ਤਕ ਸਭ ਤੋਂ ਜ਼ਿਆਦਾ ਨਤੀਜੇ ਦੇਣ ਵਾਲਾ ਰਿਹਾ ਤੇ ਟਾਪ-10 ਬੋਰਡਾਂ ਵਿਚੋਂ 4 ਬੋਰਡਾਂ ’ਤੇ ਮਹੱਤਵਪੂਰਨ ਨਤੀਜੇ ਆਉਣ ਨਾਲ ਹੁਣ ਕੁਝ-ਕੁਝ ਖਿਡਾਰੀ ਦੌੜ ’ਚ ਦਿਸਣ ਲੱਗੇ ਹਨ। ਟੂਰਨਾਮੈਂਟ ਵਿਚ ਲਗਾਤਾਰ ਸ਼ਾਨਦਾਰ ਖੇਡ ਦਿਖਾ ਰਹੀ ਚੀਨ ਦੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। 

ਉਸ ਨੂੰ ਅਰਮੀਨੀਆ ਦੇ ਹੈਕ ਮਾਰਤੀਰੇਸਯਾਨ ਨੇ ਹਰਾਇਆ ਤੇ ਇਸ ਜਿੱਤ ਦੇ ਨਾਲ ਹੈਕ ਹੁਣ 4 ਅੰਕ ਬਣਾ ਕੇ ਸਿੰਗਲ ਬੜ੍ਹਤ ’ਤੇ ਆ ਗਿਆ ਹੈ। ਉੱਥੇ ਹੀ, ਭਾਰਤ ਲਈ ਦਿਨ ਚੰਗਾ ਰਿਹਾ ਕਿਉਂਕਿ ਗੁਕੇਸ਼ ਸਭ ਤੋਂ ਵੱਡੀ ਜਿੱਤ ਲੈ ਕੇ ਆਇਆ। ਉਸ ਨੇ ਲਗਾਤਾਰ 3 ਮੁਕਾਬਲੇ ਡਰਾਅ ਖੇਡਣ ਤੋਂ ਬਾਅਦ ਪੰਜਵੇਂ ਰਾਊਂਡ ਵਿਚ ਹਮਵਤਨ ਤੇ ਰਾਸ਼ਟਰੀ ਰੈਪਿਡ ਬਲਿਟਜ਼ ਚੈਂਪੀਅਨ ਅਰਵਿੰਦ ਚਿਦਾਂਬਰਮ ਨੂੰ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਹਰਾਇਆ। 

ਹੋਰਨਾਂ ਭਾਰਤੀ ਖਿਡਾਰੀਆਂ ਵਿਚ ਆਰ. ਪ੍ਰਗਿਆਨੰਦਾ ਨੇ ਰੂਸ ਦੇ ਵਲਾਦੀਸਲਾਵ ਕੋਵਾਲੋਵ ਨਾਲ ਤੇ ਨਿਹਾਲ ਸਰੀਨ ਨੇ ਯੂ. ਐੱਸ. ਏ. ਦੇ ਸੈਮੂਅਲ ਸੇਵੀਅਨ ਨਾਲ ਤੇ ਆਰੀਅਨ ਚੋਪੜਾ ਨੇ ਈਰਾਨ ਦੇ ਅਮੀਨ ਤਬਾਤਬਾਈ ਨਾਲ ਬਾਜ਼ੀ ਡਰਾਅ ਖੇਡੀ। ਉੱਥੇ ਹੀ, ਅਰਜੁਨ ਐਰਗਾਸੀ, ਵਿਦਿਤ ਗੁਜਰਾਤੀ ਤੇ ਮੁਰਲੀ ਕਾਰਤੀਕੇਅਨ ਜਿੱਤ ਦਰਜ ਕਰਨ ਵਿਚ ਸਫਲ ਰਹੇ। ਹੁਣ ਜਦਕਿ ਸਿਰਫ 4 ਰਾਊਂਡ ਹੀ ਬਾਕੀ ਹਨ ਤਾਂ ਹੈਕ 4 ਅੰਕਾਂ ’ਤੇ ਹੈ ਜਦਕਿ ਭਾਰਤ ਦਾ ਗੁਕੇਸ਼, ਪ੍ਰਗਿਆਨੰਦਾ, ਨਿਹਾਲ ਤੇ ਆਰੀਅਨ ਸਮੇਤ 15 ਖਿਡਾਰੀ 3.5 ਅੰਕ ਬਣਾ ਕੇ ਖੇਡ ਰਹੇ ਹਨ।


Tarsem Singh

Content Editor

Related News