ਸ਼ਰਤ ਸਿੰਗਾਪੁਰ ਸਮੈਸ਼ ਦੇ ਕੁਆਰਟਰ ਫਾਈਨਲ ਵਿੱਚ

Thursday, Mar 14, 2024 - 06:19 PM (IST)

ਸਿੰਗਾਪੁਰ, (ਭਾਸ਼ਾ) ਭਾਰਤੀ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਵੀਰਵਾਰ ਨੂੰ ਇੱਥੇ ਸਿੰਗਾਪੁਰ ਸਮੈਸ਼ ਵਿਚ ਵਿਸ਼ਵ ਦੇ 22ਵੇਂ ਨੰਬਰ ਦੇ ਖਿਡਾਰੀ ਮਿਸਰ ਦੇ ਉਮਰ ਅਸਾਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੇ 13ਵੇਂ ਨੰਬਰ ਦੇ ਖਿਡਾਰੀ ਸਲੋਵੇਨੀਆ ਦੇ ਡਾਰਕੋ ਜੋਰਜਿਕ ਨੂੰ ਹਰਾਉਣ ਤੋਂ ਇਕ ਦਿਨ ਬਾਅਦ ਸ਼ਰਤ ਨੇ 15 ਲੱਖ ਅਮਰੀਕੀ ਡਾਲਰ ਇਨਾਮੀ ਟੂਰਨਾਮੈਂਟ 'ਚ ਅਸਾਰ 'ਤੇ 11-4, 11-8, 12-10 ਨਾਲ ਆਸਾਨ ਜਿੱਤ ਦਰਜ ਕੀਤੀ। ਕੁਆਲੀਫਾਇਰ ਰਾਹੀਂ ਮੁੱਖ ਡਰਾਅ 'ਚ ਜਗ੍ਹਾ ਬਣਾਉਣ ਵਾਲੇ ਵਿਸ਼ਵ ਦੇ 88ਵੇਂ ਨੰਬਰ ਦੇ ਖਿਡਾਰੀ ਸ਼ਰਤ ਦਾ ਕੁਆਰਟਰ ਫਾਈਨਲ 'ਚ 10 ਵਾਰ ਦੇ ਰਾਸ਼ਟਰੀ ਚੈਂਪੀਅਨ ਫਰਾਂਸ ਦੇ ਫੇਲਿਕਸ ਲੇਬਰੂਨ ਨਾਲ ਹੋਵੇਗਾ। 

ਇਸ ਟੂਰਨਾਮੈਂਟ 'ਚ ਪਿਛਲੇ ਦੋ ਵਾਰ ਪਹਿਲੇ ਦੌਰ 'ਚ ਹੀ ਬਾਹਰ ਹੋ ਚੁੱਕੇ ਸ਼ਰਤ ਨੇ ਪਿਛਲੇ ਮੈਚ 'ਚ ਜੋਰਜਿਕ ਨੂੰ 8-11, 11-6, 11-8, 11-9 ਨਾਲ ਹਰਾਇਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸ਼ਰਤ ਦੇ ਪੈਰਿਸ ਓਲੰਪਿਕ ਲਈ ਸਿੰਗਲਜ਼ ਵਰਗ 'ਚ ਜਗ੍ਹਾ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੱਤਾ ਹੈ। ਭਾਰਤ ਪੁਰਸ਼ ਸਿੰਗਲਜ਼ ਵਿੱਚ ਦੋ ਖਿਡਾਰੀਆਂ ਨੂੰ ਭੇਜੇਗਾ ਜਿਨ੍ਹਾਂ ਦੀ ਵਿਅਕਤੀਗਤ ਰੈਂਕਿੰਗ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ। ਵਰਤਮਾਨ ਵਿੱਚ, ਹਰਮੀਤ ਦੇਸਾਈ (64) ਅਤੇ ਮਾਨਵ ਠੱਕਰ (83) ਭਾਰਤੀਆਂ ਵਿੱਚ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਹਨ। ਮੌਜੂਦਾ ਟੂਰਨਾਮੈਂਟ 'ਚ ਚੰਗੇ ਪ੍ਰਦਰਸ਼ਨ ਕਾਰਨ ਸ਼ਰਤ ਦੀ ਰੈਂਕਿੰਗ 'ਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਹੈ। 


Tarsem Singh

Content Editor

Related News