ਬੋਲਡ ਕਰਨ ਦੇ ਮਾਮਲੇ ''ਚ ਸ਼ਮੀ ਨੇ ਕੀਤੀ ਬੁਮਰਾਹ ਦੀ ਬਰਾਬਰੀ, ਦੇਖੋ ਅੰਕੜੇ
Sunday, Oct 06, 2019 - 04:43 PM (IST)

ਸਪੋਰਟਸ ਡੈਸਕ : ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਵਿਸ਼ਾਖਾਪਟਨਮ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਦੇ 5ਵੇਂ ਦਿਨ ਐਤਵਾਰ ਨੂੰ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾਇਆ। ਭਾਰਤ ਨੇ ਇਸ ਦੇ ਨਾਲ ਹੀ 3 ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 502 ਦੌੜਾਂ 'ਤੇ ਐਲਾਨ ਕੀਤੀ ਸੀ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿਚ 431 ਦੌੜਾਂ ਬਣਾਈਆਂ।
ਜਿੱਥੇ ਦੂਜੀ ਪਾਰੀ ਵਿਚ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਮਜ਼ਬੂਤ ਟੀਚੇ ਤਕ ਪਹੁੰਚਿਆ ਉੱਥੇ ਹੀ ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵੀ ਹੀਰੋ ਬਣ ਕੇ ਉੱਭਰੇ। ਉਸ ਨੇ 5 ਵਿਕਟਾਂ ਹਾਸਲ ਕੀਤੀਆਂ। ਪਾਰੀ ਦਾ ਆਖਰੀ ਓਵਰ ਵੀ ਉਸ ਦੇ ਖਾਤੇ ਵਿਚ ਹੀ ਗਿਆ। ਸ਼ਮੀ ਨੇ ਇਸ ਮੈਚ ਵਿਚ ਜਸਪ੍ਰੀਤ ਬੁਮਰਾਹ ਦੇ ਇਕ ਅਜਿਹੇ ਰਿਕਾਰਡ ਦੀ ਬਰਾਬਰੀ ਕੀਤੀ ਜੋ ਹਰ ਗੇਂਦਬਾਜ਼ ਦਾ ਸੁਪਨਾ ਹੁੰਦਾ ਹੈ। ਦੱਸ ਦਈਏ ਕਿ ਸ਼ਮੀ ਨੇ ਪਾਰੀ ਦੌਰਾਨ 5 ਵਿਕਟਾਂ ਵਿਚੋਂ 4 ਵਿਕਟਾਂ ਬੱਲੇਬਾਜ਼ਾਂ ਨੂੰ ਬੋਲਡ ਕੀਤਾ। ਸ਼ਮੀ ਤੋਂ ਪਹਿਲਾਂ ਇਹ ਰਿਕਾਰਡ ਜਸਪ੍ਰੀਤ ਬੁਮਰਾਹ ਦੇ ਨਾਂ ਸੀ ਜਿਸ ਨੇ ਇਸੇ ਸਾਲ ਵੈਸਟਇੰਡੀਜ਼ ਖਿਲਾਫ ਨਾਰਥ ਸਾਊਂਡ ਵਿਚ 4 ਬੱਲੇਬਾਜ਼ਾਂ ਨੂੰ ਬੋਲਡ ਕਰ ਕੇ ਪਵੇਲੀਅਨ ਦਾ ਰਾਹ ਦਿਖਾਇਆ ਸੀ।