ਸ਼ਮਕੀਰ ਮਾਸਟਰਸ ''ਚ ਕਾਰਯਾਕਿਨ ਹੱਥੋਂ ਹਾਰਿਆ ਆਨੰਦ

Sunday, Apr 07, 2019 - 08:55 PM (IST)

ਸ਼ਮਕੀਰ ਸਿਟੀ (ਅਜ਼ਰਬੈਜਾਨ) (ਨਿਕਲੇਸ਼ ਜੈਨ)— ਵਿਸ਼ਵ ਦੇ 10  ਧਾਕੜ ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਸ਼ਮਕੀਰ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਰੂਸ ਦੇ ਸੇਰਗੀ ਕਾਰਯਾਕਿਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਲੇ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਇਕ ਵਾਰ ਫਿਰ ਕਿਊ. ਜੀ. ਡੀ. ਓਪਨਿੰਗ ਦਾ ਸਹਾਰਾ ਲਿਆ ਤੇ ਲਗਭਗ ਬਰਾਬਰ ਦੀ ਸਥਿਤੀ ਵਿਚ ਇਕ ਵਾਰ ਫਿਰ ਉਹ ਐਂਡਗੇਮ ਵਿਚ ਹਾਰ ਗਿਆ।
ਕਾਰਲਸਨ ਵਿਰੁੱਧ ਆਨੰਦ ਨੂੰ ਦੂਜੇ ਰਾਊਂਡ ਵਿਚ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਕਾਰਯਾਕਿਨ ਨੇ ਆਨੰਦ ਦੇ 2 ਵੱਖ-ਵੱਖ ਕਮਜ਼ੋਰ ਪਿਆਦਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਹਾਥੀ ਤੇ ਘੋੜੇ ਦੇ ਸ਼ਾਨਦਾਰ ਤਾਲਮੇਲ ਨਾਲ ਜਿੱਤ ਪ੍ਰਾਪਤ ਕੀਤੀ। ਖੇਡ ਵਿਚ 31 ਚਾਲਾਂ ਤੋਂ ਬਾਅਦ ਹੀ ਆਨੰਦ ਦੀ ਸਥਿਤੀ ਬਚਾਅ ਦੀ ਹੋ ਗਈ ਸੀ ਤੇ 52 ਚਾਲਾਂ ਤਕ ਚੱਲੇ ਸਖਤ ਮੁਕਾਬਲੇ ਵਿਚ ਉਸ ਨੂੰ ਹਾਰ ਮੰਨਣੀ ਪਈ। 
ਇਸ ਜਿੱਤ ਦੇ ਨਾਲ ਹੁਣ ਕਾਰਯਾਕਿਨ 4 ਅੰਕਾਂ ਨਾਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਨਾਲ ਸਾਂਝੀ ਬੜ੍ਹਤ 'ਤੇ ਆ ਗਿਆ ਹੈ। ਨਾਰਵੇ ਦੇ ਕਾਰਲਸਨ ਨੇ ਇਸ ਰਾਊਂਡ ਵਿਚ ਚੀਨ ਦੇ ਡੀਂਗ ਲੀਰੇਨ ਨਾਲ ਡਰਾਅ ਖੇਡਿਆ, ਉਥੇ ਹੀ ਸਾਬਕਾ ਵਿਸ਼ਵ ਚੈਂਪੀਅਨ ਬੁਲਗਾਰੀਆ ਦੇ ਵੇਸੇਲੀਨ ਤੋਪਾਲੋਵ ਨੇ ਮੇਜ਼ਬਾਨ ਅਜ਼ਰਬੈਜਾਨ ਦੇ ਨੰਬਰ-1 ਖਿਡਾਰੀ ਸ਼ਾਕਿਰਯਾਰ ਮਮੇਘਾਰੋਵ ਨੂੰ ਹਰਾਇਆ। ਹੋਰਨਾਂ ਮੁਕਾਬਲਿਆਂ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ, ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਤੇ ਅਜ਼ਰਬੈਜਾਨ ਦੇ ਤਿਮੂਰ ਰਦਜਬੋਵ ਵਿਚਾਲੇ ਬਾਜ਼ੀਆਂ ਡਰਾਅ ਰਹੀਆਂ।


Gurdeep Singh

Content Editor

Related News