ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਸ਼ਾਹਿਦ ਅਫਰੀਦੀ ਨੇ ਬਿਨਾ ਨਾਂ ਲਏ ਭਾਰਤ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਆਪਣੇ Ego...
Thursday, Nov 14, 2024 - 01:48 PM (IST)
ਸਪੋਰਟਸ ਡੈਸਕ- ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਪਹਿਲੀ ਵਾਰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਬਾਰੇ ਗੱਲ ਕੀਤੀ। ਉਨ੍ਹਾਂ ਨੇ ਨਾਂ ਲਏ ਬਿਨਾਂ ਭਾਰਤ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 1970 ਤੋਂ ਬਾਅਦ ਪਹਿਲੀ ਵਾਰ ਕ੍ਰਿਕਟ ਨੂੰ ਇੰਨੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਰੀਦੀ ਨੇ ਸਾਰੀਆਂ ਟੀਮਾਂ ਨੂੰ ਮਤਭੇਦਾਂ ਨੂੰ ਪਾਸੇ ਰੱਖ ਕੇ ਖੇਡ ਦੇ ਵਡੇਰੇ ਹਿੱਤ ਲਈ ਇਕੱਠੇ ਹੋਣ ਦੀ ਅਪੀਲ ਕੀਤੀ, ਜਿਵੇਂ ਕਿ ਓਲੰਪਿਕ ਵਿੱਚ ਹੁੰਦਾ ਹੈ। ਉਸ ਨੇ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਭਾਰਤ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ, ਜਦਕਿ ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤ ਉਥੇ ਖੇਡੇ ਅਤੇ ਪਾਕਿਸਤਾਨ ਅਜੇ ਹਾਈਬ੍ਰਿਡ ਮਾਡਲ 'ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਨਹੀਂ ਹੈ।
ਸ਼ਾਹਿਦ ਅਫਰੀਦੀ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਲਿਖਿਆ, ਕ੍ਰਿਕਟ ਇਕ ਮਹੱਤਵਪੂਰਨ ਮੋੜ 'ਤੇ ਹੈ, ਜੋ 1970 ਦੇ ਦਹਾਕੇ ਦੇ ਬਾਅਦ ਤੋਂ ਸ਼ਾਇਦ ਆਪਣੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਮਤਭੇਦਾਂ ਨੂੰ ਇਕ ਪਾਸੇ ਰੱਖਿਆ ਜਾਵੇ ਤੇ ਖੇਡ ਨੂੰ ਇਕਜੁੱਟ ਕਰਨ ਦਿੱਤਾ ਜਾਵੇ। ਜੇਕਰ ਇਤਿਹਾਸ ਵਿੱਚ ਵੰਡੇ ਹੋਏ ਦੇਸ਼ ਓਲੰਪਿਕ ਭਾਵਨਾ ਨਾਲ ਇਕੱਠੇ ਹੋ ਸਕਦੇ ਹਨ, ਤਾਂ ਅਸੀਂ ਕ੍ਰਿਕਟ ਅਤੇ ਚੈਂਪੀਅਨਜ਼ ਟਰਾਫੀ ਲਈ ਅਜਿਹਾ ਕਿਉਂ ਨਹੀਂ ਕਰ ਸਕਦੇ?
ਸਾਬਕਾ ਮਹਾਨ ਆਲਰਾਊਂਡਰ ਨੇ ਭਾਰਤ ਦਾ ਨਾਂ ਲਏ ਬਿਨਾਂ ਅੱਗੇ ਲਿਖਿਆ ਕਿ ਭਾਰਤ ਨੂੰ ਆਪਣਾ ਹਉਮੈ ਛੱਡਣਾ ਚਾਹੀਦਾ ਹੈ ਅਤੇ ਅਗਲੇ ਸਾਲ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨਾ ਚਾਹੀਦਾ ਹੈ। ਉਸ ਨੇ ਲਿਖਿਆ, "ਖੇਡ ਦੇ ਰੱਖਿਅਕ ਹੋਣ ਦੇ ਨਾਤੇ, ਸਾਡਾ ਫ਼ਰਜ਼ ਹੈ ਕਿ ਅਸੀਂ ਕ੍ਰਿਕਟ ਦੇ ਪ੍ਰਤੀ ਆਪਣੇ ਹੰਕਾਰ ਨੂੰ ਕਾਬੂ ਵਿਚ ਰੱਖੀਏ ਅਤੇ ਇਸ ਦੇ ਵਿਕਾਸ ਅਤੇ ਭਾਵਨਾ 'ਤੇ ਧਿਆਨ ਦੇਈਏ। ਮੈਨੂੰ ਉਮੀਦ ਹੈ ਕਿ ਮੈਂ ਚੈਂਪੀਅਨਸ ਟਰਾਫੀ 2025 ਲਈ ਮੈਂ ਪਾਕਿਸਤਾਨ 'ਚ ਹਰ ਟੀਮ ਨੂੰ ਦੇਖਾਂਗਾਂ, ਆਪਣੇ ਨਿੱਘ ਅਤੇ ਪਰਾਹੁਣਚਾਰੀ ਦਾ ਅਹਿਸਾਸ ਕਰਵਾਵਾਂਗਾ ਅਤੇ ਮੈਦਾਨ ਤੋਂ ਬਾਹਰ ਦੀਆਂ ਅਭੁੱਲ ਯਾਦਾਂ ਨੂੰ ਆਪਣੇ ਨਾਲ ਲੈ ਜਾਵਾਂਗਾ।"
Cricket is at a crucial crossroads, facing perhaps one of its greatest challenges since the late 1970s. Now is the time to put differences aside and let the game unite us. If countries once divided by history can come together in the Olympic spirit, why can’t we do the same for…
— Shahid Afridi (@SAfridiOfficial) November 13, 2024
ਕੀ ਹੈ ਚੈਂਪੀਅਨਜ਼ ਟਰਾਫੀ 'ਚ ਪੇਚ?
ਬੀਸੀਸੀਆਈ ਨੇ ਆਈਸੀਸੀ ਨੂੰ ਈਮੇਲ ਰਾਹੀਂ ਦੱਸਿਆ ਸੀ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਆਈਸੀਸੀ ਨੇ ਇਹ ਈਮੇਲ ਪੀਸੀਬੀ ਨੂੰ ਭੇਜੀ ਸੀ, ਜਿਸ 'ਤੇ ਜੀਓ ਨਿਊਜ਼ ਮੁਤਾਬਕ ਪੀਸੀਬੀ ਨੇ ਆਈਸੀਸੀ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਭਾਰਤ ਨਾ ਆਉਣ ਦਾ ਅਸਲ ਕਾਰਨ ਕੀ ਹੈ। ਫਿਲਹਾਲ ਪਾਕਿਸਤਾਨ ਇਸ ਗੱਲ 'ਤੇ ਅੜੀ ਹੈ ਕਿ ਭਾਰਤੀ ਟੀਮ ਪਾਕਿਸਤਾਨ ਆਵੇ ਅਤੇ ਪੂਰੀ ਚੈਂਪੀਅਨਸ ਟਰਾਫੀ ਪਾਕਿਸਤਾਨ 'ਚ ਖੇਡੀ ਜਾਵੇ, ਜਦਕਿ ਭਾਰਤ ਚਾਹੁੰਦਾ ਹੈ ਕਿ ਉਸ ਦੇ ਸਾਰੇ ਮੈਚ ਦੁਬਈ 'ਚ ਹੋਣ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਸਿਆਸੀ ਤਣਾਅ ਚੱਲ ਰਿਹਾ ਹੈ। ਚੈਂਪੀਅਨਸ ਟਰਾਫੀ ਫਰਵਰੀ-ਮਾਰਚ ਵਿੱਚ ਹੋਣੀ ਹੈ।