ਵਿਰਾਟ ਕੋਹਲੀ ''ਤੇ ਬੋਲੇ ਸ਼ਾਹਿਦ ਅਫ਼ਰੀਦੀ- ਉਨ੍ਹਾਂ ਨੂੰ ਸਾਰੇ ਫਾਰਮੈਟ ਤੋਂ ਕਪਤਾਨੀ ਛੱਡ ਦੇਣੀ ਚਾਹੀਦੀ ਹੈ
Sunday, Nov 14, 2021 - 10:56 AM (IST)
ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੂੰ ਲਗਦਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੱਲੇਬਾਜ਼ ਵਜੋਂ ਹੋਰ ਵੱਧ ਬਿਹਤਰ ਪ੍ਰਦਰਸ਼ਨ ਕਰਨ ਲਈ ਖੇਡ ਦੇ ਸਾਰੇ ਫਾਰਮੈਟਾਂ ਵਿਚ ਕਪਤਾਨੀ ਦੀ ਭੂਮਿਕਾ ਛੱਡ ਦੇਣੀ ਚਾਹੀਦੀ ਹੈ। ਅਫ਼ਰੀਦੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਭਾਰਤੀ ਕ੍ਰਿਕਟ ਦੀ ਤਾਕਤ ਰਿਹਾ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਚੰਗਾ ਹੋਵੇਗਾ ਜੇ ਉਹ ਹੁਣ ਸਾਰੇ ਫਾਰਮੈਟਾਂ ਵਿਚ ਬਤੌਰ ਕਪਤਾਨ ਸੰਨਿਆਸ ਲੈਣ ਦਾ ਫ਼ੈਸਲਾ ਕਰ ਲੈਣ।
ਮੈਂ ਇਕ ਸਾਲ ਲਈ ਰੋਹਿਤ ਦੇ ਨਾਲ ਖੇਡਿਆ ਸੀ ਤੇ ਉਹ ਮਜ਼ਬੂਤ ਮਾਨਸਿਕਤਾ ਵਾਲਾ ਲਾਜਵਾਬ ਖਿਡਾਰੀ ਹੈ। ਉਸ ਦੀ ਸਭ ਤੋਂ ਮਜ਼ਬੂਤ ਚੀਜ਼ ਇਹ ਹੈ ਕਿ ਜਦ ਜ਼ਰੂਰੀ ਹੋਵੇ ਤਾਂ ਉਹ ਧੀਰਜ ਰੱਖ ਸਕਦਾ ਹੈ ਤੇ ਜਦ ਬਹੁਤ ਜ਼ਰੂਰੀ ਹੋਵੇ ਤਾਂ ਉਹ ਹਮਲਾਵਰ ਵੀ ਹੋ ਸਕਦਾ ਹੈ। ਇਸ ਪਾਕਿਸਤਾਨੀ ਸਟਾਰ ਨੇ ਕਿਹਾ ਕਿ ਰੋਹਿਤ ਵਿਚ ਚੰਗੇ ਕਪਤਾਨ ਲਈ ਮਾਨਸਿਕ ਮਜ਼ਬੂਤੀ ਹੈ ਤੇ ਉਨ੍ਹਾਂ ਨੇ ਆਪਣੀ ਆਈਪੀਐੱਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਲਈ ਇਹ ਦਿਖਾ ਵੀ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਿਖਰਲੇ ਪੱਧਰ ਦਾ ਖਿਡਾਰੀ ਹੈ, ਉਨ੍ਹਾਂ ਦੀ ਸ਼ਾਟ ਚੋਣ ਸ਼ਾਨਦਾਰ ਹੈ ਤੇ ਖਿਡਾਰੀਆਂ ਲਈ ਚੰਗੇ ਆਗੂ ਲਈ ਉਨ੍ਹਾਂ ਕੋਲ ਮਾਨਸਿਕਤਾ ਵੀ ਹੈ। ਅਫ਼ਰੀਦੀ ਆਈਪੀਐੱਲ ਦੇ ਸ਼ੁਰੂ ਹੋਣ ਵਾਲੇ ਸਾਲ ਵਿਚ ਡੈਕਨ ਚਾਰਜਰਜ਼ ਵਿਚ ਰੋਹਿਤ ਨਾਲ ਖੇਡੇ ਸਨ। ਕੋਹਲੀ ਦੇ ਟੀ-20 ਕਪਤਾਨੀ ਛੱਡਣ ਦੇ ਫ਼ੈਸਲੇ 'ਤੇ ਅਫ਼ਰੀਦੀ ਨੇ ਕਿਹਾ ਕਿ ਉਹ ਉਸ ਦੀ ਉਮੀਦ ਕਰ ਰਹੇ ਸਨ। ਅਫ਼ਰੀਦੀ ਨੂੰ ਲਗਦਾ ਹੈ ਕਿ ਕੋਹਲੀ ਨੂੰ ਕਪਤਾਨੀ ਛੱਡ ਕੇ ਤਿੰਨਾਂ ਫਾਰਮੈਟਾਂ ਵਿਚ ਆਪਣੀ ਬੱਲੇਬਾਜ਼ੀ 'ਤੇ ਧਿਆਨ ਲਾਉਣਾ ਚਾਹੀਦਾ ਹੈ ਤੇ ਇਸ ਦਾ ਮਜ਼ਾ ਉਠਾਉਣਾ ਚਾਹੀਦਾ ਹੈ।