ਸ਼ਾਹਬਾਦ ਮਾਰਕੰਡਾ ਨੇ ਸਰਕਾਰੀ ਰਣਧੀਰ ਸੀ. ਸੈ. ਸਕੂਲ ਕਪੂਰਥਲਾ ਨੂੰ 4-3 ਨਾਲ ਹਰਾਇਆ

Tuesday, Jan 08, 2019 - 01:00 AM (IST)

ਸ਼ਾਹਬਾਦ ਮਾਰਕੰਡਾ ਨੇ ਸਰਕਾਰੀ ਰਣਧੀਰ ਸੀ. ਸੈ. ਸਕੂਲ ਕਪੂਰਥਲਾ ਨੂੰ 4-3 ਨਾਲ ਹਰਾਇਆ

ਜਲੰਧਰ (ਰਾਹੁਲ)- ਮਾਤਾ ਗੁਜਰੀ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ (ਹਰਿਆਣਾ) ਦੀ ਟੀਮ ਨੇ ਸਰਕਾਰੀ ਰਣਧੀਰ ਸੀਨੀਅਰ ਸੈਕੰਡਰੀ ਸਕੂਲ (ਕਪੂਰਥਲਾ) ਦੀ ਟੀਮ ਨੂੰ 4-3 ਨਾਲ ਹਰਾ ਕੇ ਮਾਤਾ ਪ੍ਰਕਾਸ਼ ਕੌਰ ਕੱਪ ਲਈ ਕਰਵਾਏ ਜਾ ਰਹੇ 15ਵੇਂ ਅਖਿਲ ਭਾਰਤੀ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ (ਅੰਡਰ-19, ਸਕੂਲੀ ਬਾਲਕ) ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਲੀਗ ਦੌਰ ਦੇ ਇਕ ਹੋਰ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ ਨਾਲ ਡਰਾਅ ਖੇਡਿਆ।
ਹਰਿਆਣਾ ਤੇ ਕਪੂਰਥਲਾ ਵਿਚਾਲੇ ਖੇਡੇ ਗਏ ਦਿਨ ਦੇ ਪਹਿਲੇ ਮੈਚ ਵਿਚ ਹਾਫ ਟਾਈਮ ਤਕ ਕਪੂਰਥਲਾ ਟੀਮ 3-2 ਨਾਲ ਅੱਗੇ ਸੀ। ਜੇਤੂ ਹਰਿਆਣਾ ਟੀਮ ਵਲੋਂ ਊਧਮਜੀਤ ਸਿੰਘ (12ਵੇਂ, 19ਵੇਂ ਤੇ 59ਵੇਂ ਮਿੰਟ) ਨੇ 3 ਅਤੇ ਦੀਪਕ ਸੈਣੀ (58ਵੇਂ ਮਿੰਟ) ਨੇ ਇਕ ਗੋਲ ਕੀਤਾ। ਦੂਜੇ ਪਾਸੇ ਕਪੂਰਥਲਾ ਦੀ ਟੀਮ ਲਈ ਸ਼ੇਰਪਾਲ ਸਿੰਘ (ਚੌਥੇ ਤੇ 20ਵੇਂ ਮਿੰਟ) ਨੇ 2 ਅਤੇ ਸੁਖਦੇਵ ਸਿੰਘ (14ਵੇਂ ਮਿੰਟ) ਨੇ 1 ਗੋਲ ਕੀਤਾ। 
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਜਾਰੀ ਇਸ 8 ਦਿਨਾ ਟੂਰਨਾਮੈਂਟ ਦੇ ਦੂਜੇ ਦਿਨ ਖੇਡੇ ਗਏ ਇਕ ਹੋਰ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ ਨਾਲ 1-1 ਦੀ ਬਰਾਬਰੀ ਕੀਤੀ। ਟੀਮਾਂ ਵਿਚ ਇਹ ਬਰਾਬਰੀ ਹਾਫ ਸਮੇਂ ਤਕ ਵੀ ਬਰਕਰਾਰ ਰਹੀ। ਛੇਹਰਟਾ ਟੀਮ ਵਲੋਂ ਆਕਾਸ਼ਪ੍ਰੀਤ ਸਿੰਘ (ਦੂਜੇ ਮਿੰਟ), ਜਦਕਿ ਮੋਹਾਲੀ ਵਲੋਂ ਪ੍ਰਤੀਕ ਸਿੰਘ (5ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।
ਮੈਚਾਂ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਕੌਮਾਂਤਰੀ ਮਹਿਲਾ ਹਾਕੀ ਖਿਡਾਰਨ ਬਲਜੀਤ  ਕੌਰ (ਚਾਂਦੀ ਤਮਗਾ ਜੇਤੂ ਯੂਥ ਖੇਡਾਂ, ਜੁਨੀਅਰ ਇੰਡੀਆ ਟੀਮ ਮੈਂਬਰ), ਓਲੰਪੀਅਨ ਦਵਿੰਦਰ ਸਿੰਘ ਗਰਚਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।
ਇਸ ਮੌਕੇ ਹਰਭਜਨ ਸਿੰਘ ਕਪੂਰ, ਗੁਰਸ਼ਰਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਣਦੀਪ ਸਿੰਘ ਕਪੂਰ, ਅੰਗਦ, ਦਪਿੰਦਰ ਸਿੰਘ ਕਪੂਰ, ਵਰਿੰਦਰ ਸਿੰਘ, ਸੰਜੀਵ ਕੁਮਾਰ (ਦੋਵੇਂ ਓਲੰਪੀਅਨ), ਰਿਪੁਦਮਨ ਕੁਮਾਰ ਸਿੰਘ, ਜਗਦੀਪ ਸਿੰਘ ਗਿੱਲ, ਤੇਜਾ ਸਿੰਘ, ਸੰਦੀਪ ਸਿੰਘ (ਚਾਰੋਂ ਕੌਮਾਂਤਰੀ ਹਾਕੀ ਖਿਡਾਰੀ), ਗੁਰਦੀਪ ਸਿੰਘ ਸੰਘਾ (ਕੈਨੇਡਾ), ਡੀ. ਐੱਸ. ਸੰਘਾ ਸਮੇਤ ਹੋਰ ਮਾਣਯੋਗ ਸ਼ਖ਼ਸੀਅਤਾਂ ਹਾਜ਼ਰ ਸਨ।


Related News