ਸੇਰੇਨਾ ਵਿਲੀਅਮਸ ਟੋਕੀਓ ਓਲੰਪਕ ’ਚ ਨਹੀਂ ਖੇਡੇਗੀ
Sunday, Jun 27, 2021 - 09:26 PM (IST)
ਸਪੋਰਟਸ ਡੈਸਕ— ਸੇਰੇਨਾ ਵਿਲੀਅਮਸ ਨੇ ਐਤਵਾਰ ਨੂੰ ਇੱਥੇ ਵਿੰਬਲਡਨ ਦੀ ਵੀਡੀਓ ਕਾਨਫਰੰਸ ’ਚ ਦੱਸਿਆ ਕਿ ਉਹ ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲਵੇਗੀ ਪਰ ਉਨ੍ਹਾਂ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਸੇਰੇਨਾ ਨੇ ਕਿਹਾ ਕਿ ਅਸਲ ’ਚ ਮੈਂ ਓਲੰੰਪਿਕ ਦੀ ਸੂਚੀ ’ਚ ਨਹੀਂ ਹਾਂ। ਅਜਿਹਾ ਨਹੀਂ ਹੈ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਜੇਕਰ ਇਹ ਸਹੀ ਹੈ ਤਾਂ ਮੈਨੂੰ ਉੱਥੇ ਨਹੀਂ ਜਾਣਾ ਚਾਹੀਦਾ ਹੈ। ਇਸ 39 ਸਾਲਾ ਖਿਡਾਰੀ ਨੇ ਅਮਰੀਕਾ ਦੇ ਲਈ ਓਲੰਪਿਕ ਖੇਡਾਂ ’ਚ ਚਾਰ ਸੋਨ ਤਮਗ਼ੇ ਜਿੱਤੇ ਹਨ ਜਿਸ ’ਚ 2012 ਲੰਡਨ ਓਲੰਪਿਕ ’ਚ ਸਿੰਗਲ ਤੇ ਡਬਲਜ਼ ਦੋਵਾਂ ਵਰਗਾਂ ’ਚ ਸੋਨ ਤਮਗ਼ੇ ਸ਼ਾਮਲ ਹਨ।
ਉਹ 2000 ’ਚ ਸਿਡਨੀ ਤੇ 2008 ’ਚ ਬੀਜਿੰਗ ਓਲੰਪਿਕ ’ਚ ਸੋਨ ਤਮਗ਼ੇ ਜਿੱਤ ਚੁੱਕੀ ਹੈ। ਉਨ੍ਹਾਂ ਨੇ ਡਬਲਜ਼ ਵਰਗ ਦੇ ਸਾਰੇ ਸੋਨ ਤਮਗ਼ੇ ਆਪਣੀ ਵੱਡੀ ਭੈਣ ਵੀਨਸ ਵਿਲੀਅਮਸ ਦੇ ਨਾਲ ਜਿੱਤੇ ਹਨ। ਰੀਓ ਓਲੰਪਿਕ (2016) ’ਚ ਸੇਰੇਨਾ ਸਿੰਗਲ ਵਰਗ ’ਚ ਤੀਜੇ ਦੌਰ ’ਚ ਹਾਰ ਗਈ ਸੀ ਜਦਕਿ ਡਬਲਜ਼ ’ਚ ਉਹ ਵੀਨਸ ਦੇ ਨਾਲ ਪਹਿਲੇ ਦੌਰ ’ਚ ਹੀ ਬਾਹਰ ਹੋ ਗਈ ਸੀ। ਉਨ੍ਹਾਂ ਕਿਹਾ ਕਿ ਓਲੰਪਿਕ ਨੂੰ ਲੈ ਕੇ ਮੇਰੇ ਫ਼ੈਸਲੇ ਦੇ ਪਿੱਛੇ ਕਈ ਕਾਰਨ ਹਨ। ਮੈਂ ਅਸਲ ’ਚ ਉੱਥੇ ਨਹੀਂ ਜਾਣਾ ਚਾਹੁੰਦੀ। ਮੁਆਫ਼ੀ ਚਾਹਾਂਗੀ।
ਰਾਫ਼ੇਲ ਨਡਾਲ ਤੇ ਡੋਮਿਨਿਕ ਥਿਏਮ ਜਿਹੇ ਹੋਰ ਚੋਟੀ ਦੇ ਟੈਨਿਸ ਖਿਡਾਰੀਆਂ ਨੇ ਵੀ ਕਿਹਾ ਹੈ ਕਿ ਉਹ ਜਾਪਾਨ ’ਚ ਨਹੀਂ ਜਾਣਗੇ। ਰੋਜਰ ਫੈਡਰਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਅਜੇ ਤਕ ਤੈਅ ਨਹੀਂ ਕੀਤਾ ਹੈ ਕਿ ਟੋਕੀਓ ਓਲੰਪਕ ਖੇਡਾਂ ’ਚ ਹਿੱਸਾ ਲੈਣਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ’ਤੇ ਨਿਰਭਰ ਰਹੇਗਾ ਕਿ ਵਿੰਬਲਡਨ ’ਚ ਚੀਜ਼ਾਂ ਕਿਵੇਂ ਰਹਿੰਦੀਆਂ ਹਨ।