ਫ੍ਰੈਂਚ ਓਪਨ ਤੋਂ ਬਾਹਰ ਹੋਣ ਨਾਲ ਸੇਰੇਨਾ ਦੇ ਭਵਿੱਖ ''ਤੇ ਸਵਾਲੀਆ ਨਿਸ਼ਾਨ
Sunday, Jun 02, 2019 - 11:10 AM (IST)

ਪੈਰਿਸ— ਮਹਾਨ ਟੈਨਿਸ ਖਿਡਾਰਨ ਮਾਰਗਰੇਟ ਕੋਰਟ ਦੇ 24ਵੇਂ ਗ੍ਰੈਂਡਸਲੈਮ ਖਿਤਾਬ ਨੂੰ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਸੇਰੇਨਾ ਵਿਲੀਅਮਸ ਦਾ ਸੁਪਨਾ ਫਿਰ ਟੁੱਟ ਗਿਆ ਜਦੋਂ ਫ੍ਰੈਂਚ ਓਪਨ ਦੇ ਤੀਜੇ ਹੀ ਦੌਰ 'ਚ ਉਨ੍ਹਾਂ ਨੂੰ ਅਚਾਨਕ ਹਾਰ ਝਲਣੀ ਪਈ। ਸੇਰੇਨਾ ਨੂੰ ਅਮਰੀਕਾ ਦੀ ਹੀ ਸੋਫੀਆ ਕੇਨਿਨ ਨੇ 6-2, 7-5 ਨਾਲ ਹਰਾਇਆ। ਸੇਰੇਨਾ ਸਤੰਬਰ 'ਚ 38 ਸਾਲਾਂ ਦੀ ਹੋ ਜਾਵੇਗੀ।
ਉਨ੍ਹਾਂ ਨੇ 23ਵਾਂ ਗ੍ਰੈਂਡਸਲੈਮ ਜਨਵਰੀ 2017 'ਚ ਜਿੱਤਿਆ ਸੀ ਜਦੋਂ ਉਹ ਗਰਭਵਤੀ ਸੀ। ਇਸ ਸਾਲ ਆਸਟਰੇਲੀਆਈ ਓਪਨ ਦੇ ਬਾਅਦ ਤੋਂ ਤਿੰਨ ਟੂਰਨਾਮੈਂਟ 'ਚ ਉਹ ਜਿੱਤ ਹਾਸਲ ਨਹੀਂ ਕਰ ਸਕੀ। ਇੰਡੀਅਨ ਵੇਲਸ ਦੇ ਤੀਜੇ ਦੌਰ 'ਚ ਉਹ ਰਿਟਾਇਰ ਹੋ ਗਈ ਜਦਕਿ ਮਿਆਮੀ ਅਤੇ ਰੋਮ 'ਚ ਸੱਟ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਹੁਣ ਉਹ ਜੁਲਾਈ 'ਚ ਵਿੰਬਲਡਨ 'ਚ ਕੋਰਟ ਦੇ ਰਿਕਾਰਡ ਦੀ ਬਰਾਬਰੀ ਦੀ ਕੋਸ਼ਿਸ਼ ਕਰੇਗੀ।