ਭਾਰਤ ਦੀ ਪਹਿਲੀ ਆਰਚਰੀ ਪ੍ਰੀਮੀਅਰ ਲੀਗ ਦੇ ਸ਼ਡਿਊਲ ਦਾ ਐਲਾਨ
Monday, Sep 29, 2025 - 10:34 AM (IST)

ਨਵੀਂ ਦਿੱਲੀ– ਦਸ਼ਹਿਰੇ ਦੇ ਪਵਿੱਤਰ ਮੌਕੇ ’ਤੇ ਆਰਚਰੀ ਪ੍ਰੀਮੀਅਰ ਲੀਗ (ਏ. ਪੀ. ਐੱਲ.) ਨੇ ਆਪਣੇ ਇਤਿਹਾਸਕ ਪਹਿਲੇ ਸੀਜ਼ਨ ਦਾ ਅਧਿਕਾਰਤ ਪ੍ਰੋਗਰਾਮ ਐਲਾਨ ਕਰ ਦਿੱਤਾ ਹੈ। 2 ਅਕਤੂਬਰ ਤੋਂ 12 ਅਕਤੂਬਰ 2025 ਤੱਕ ਨਵੀਂ ਦਿੱਲੀ ਵਿਚ ਆਯੋਜਿਤ ਹੋਣ ਵਾਲਾ ਇਹ ਟੂਰਨਾਮੈਂਟ ਨਾ ਸਿਰਫ ਇਸ ਖੇਡ ਦੀ ਮਾਣਮੱਤੀ ਰਵਾਇਤ ਨੂੰ ਸਨਮਾਨ ਦੇਵੇਗਾ ਸਗੋਂ ਭਾਰਤੀ ਤੇ ਵਿਸ਼ਵ ਪੱਧਰੀ ਆਰਚਰੀ ਲਈ ਇਕ ਨਵਾਂ ਅਧਿਆਏ ਵੀ ਲਿਖੇਗਾ।
ਇਸ ਵਿਚ ਭਾਰਤ ਤੇ ਦੁਨੀਆ ਦੇ ਧਾਕੜ ਖਿਡਾਰੀ ਹਿੱਸਾ ਲੈਣਗੇ ਤੇ ਕੰਪਾਊਂਡ ਤੇ ਰਿਕਰਵ ਦੋਵਾਂ ਰੂਪਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ। ਏ. ਪੀ. ਐੱਲ. ਵਿਚ ਛੇ ਟੀਮਾਂ ਦੋ ਰਾਊਂਡ ਰੌਬਿਨ ਪੜਾਵਾਂ ਵਿਚ ਭਿੜਨਗੀਆਂ। ਪਹਿਲਾ ਪੜਾਅ 2 ਤੋਂ 6 ਅਕਤੂਬਰ ਤੱਕ ਚੱਲੇਗਾ ਜਦਕਿ ਦੂਜਾ ਪੜਾਅ 7 ਤੋਂ 11 ਅਕਤੂਬਰ ਤੱਕ ਹੋਵੇਗਾ। ਇਸ ਤੋਂ ਬਾਅਦ 12 ਅਕਤੂਬਰ ਨੂੰ ਸੈਮੀਫਾਈਨਲ ਤੇ ਫਾਈਨਲ ਖੇਡੇ ਜਾਣਗੇ, ਜਿਸ ਵਿਚ ਤੈਅ ਹੋਵੇਗਾ ਪਹਿਲਾ ਏ. ਪੀ. ਐੱਲ. ਚੈਂਪੀਅਨ। ਇਸ ਸੀਜ਼ਨ ਵਿਚ ਪ੍ਰਿਥਵੀਰਾਜ ਯੋਧਾ (ਦਿੱਲੀ), ਮਾਈਟੀ ਮਰਾਠਾ (ਮਹਾਰਾਸ਼ਟਰ), ਕਾਕਤੀਯ ਨਾਈਟਸ (ਤੇਲੰਗਾਨਾ), ਰਾਜਪੂਤਾਨਾ ਰਾਇਲਜ਼ (ਰਾਜਸਥਾਨ), ਚੇਰੋ ਆਰਚਰਸ (ਝਾਰਖੰਡ) ਤੇ ਚੋਲਾ ਚੀਫਸ (ਤਾਮਿਲਨਾਡੂ) ਆਪਸ ਵਿਚ ਭਿੜਨਗੇ।