ਸੌਰਭ ਨੂੰ ਏਸ਼ੀਅਨ ਚੈਂਪੀਅਨਸ਼ਿਪ ''ਚ ਮਿਲਿਆ ਚਾਂਦੀ
Monday, Nov 11, 2019 - 05:26 PM (IST)

ਦੋਹਾ— ਭਾਰਤ ਦੇ ਯੁਵਾ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 14ਵੀਆਂ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਮਵਾਰ ਨੂੰ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਲਿਆ। ਵਿਸ਼ਵ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ 17 ਸਾਲ ਦੇ ਸੌਰਭ ਨੇ ਫਾਈਨਲ 'ਚ ਕੁਲ 244.5 ਅੰਕ ਹਾਸਲ ਕਰਕੇ ਪੋਡੀਅਮ 'ਤੇ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਮਗਾ ਜਿੱਤਿਆ।
ਉੱਤਰੀ ਕੋਰੀਆ ਦੇ ਕਿਮ ਸੋਂਗ ਗੁਕ ਨੇ ਵਿਸ਼ਵ ਰਿਕਾਰਡ ਪ੍ਰਦਰਸ਼ਨ ਕਰਕੇ 246.5 ਅੰਕ ਦੇ ਨਾਲ ਸੋਨ ਤਮਗਾ ਜਿੱਤਿਆ। ਈਰਾਨ ਦੇ ਫੋਰੋਗੀ ਜਾਵੇਦ ਨੇ 221.8 ਅੰਕਾਂ ਦੇ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਸੌਰਭ ਨੇ ਕੁਆਲੀਫਿਕੇਸ਼ਨ 'ਚ 583 ਅੰਕਾਂ ਦੇ ਨਾਲ ਸਤਵੇਂ ਸਥਾਨ 'ਤੇ ਰਹਿ ਕੇ ਕੁਆਲੀਫਾਈ ਕੀਤਾ ਸੀ ਜਦਕਿ ਇਕ ਹੋਰ ਭਾਰਤੀ ਅਭਿਸ਼ੇਕ ਵਰਮਾ ਛੇਵੇਂ ਸਥਾਨ 'ਤੇ ਰਹੇ ਸਨ। ਅਭਿਸ਼ੇਕ (181.5 ਅੰਕ) ਅੱਠ ਖਿਡਾਰੀਆਂ ਦੇ ਫਾਈਨਲ 'ਚ ਪੰਜਵੇਂ ਨੰਬਰ 'ਤੇ ਰਹੇ। ਸੌਰਭ ਅਤੇ ਅਭਿਸ਼ੇਕ ਨੇ ਪਹਿਲਾਂ ਹੀ ਆਪਣੇ ਵਰਗਾਂ 'ਚ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਜਦਕਿ ਚੀਨ ਵੀ ਆਪਣੇ ਵਰਗ ਦੇ ਸਭ ਤੋਂ ਜ਼ਿਆਦਾ ਦੋ ਕੋਟੇ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ।