ਸੰਤੋਸ਼ ਟਰਾਫੀ : ਪੰਜਾਬ, ਗੋਆ, ਸਰਵਿਸੇਜ ਅਤੇ ਕਰਨਾਟਕ ਸੈਮੀਫਾਈਨਲ ''ਚ
Thursday, Apr 18, 2019 - 03:47 PM (IST)

ਸਪੋਰਟਸ ਡੈਸਕ : ਪੰਜਾਬ, ਗੋਆ, ਸਰਵਿਸੇਜ ਅਤੇ ਕਰਨਾਟਕ ਨੇ 78ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਸੰਤੋਸ਼ ਟਰਾਫੀ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ, ਇਹ ਮੁਕਾਬਲਾ ਸ਼ੁੱਕਰਵਾਰ ਨੂੰ ਖੇਡੇ ਜਾਣਗੇ। ਜੋਨਲ ਕੁਆਲੀਫਾਇਰਸ ਤੋਂ ਬਾਅਦ 10 ਟੀਮਾਂ ਨੇ ਫਾਈਨਲ ਰਾਊਂਡ ਵਿਚ ਜਗ੍ਹਾ ਬਣਾ ਲਈ। ਸਰਵਿਸੇਜ, ਗੋਆ, ਦਿੱਲੀ, ਮੇਘਾਲਿਆ ਅਤੇ ਓਡੀਸ਼ਾ ਨੂੰ ਗਰੁਪ ਏ ਵਿਚ ਰੱਖਿਆ ਗਿਆ ਸੀ ਜਦਕਿ ਕਰਨਾਟਕ, ਮਹਾਰਾਸ਼ਟਰ, ਅਸਮ, ਸਿੱਕਮ, ਅਤੇ ਮੇਜ਼ਬਾਨ ਪੰਜਾਬ ਗਰੁਪ-ਬੀ ਵਿਚ ਰੱਖੇ ਗਏ ਸੀ। ਗਰੁਪ-ਏ ਵਿਚ ਸਰਵਿਸੇਜ ਅਤੇ ਗੋਆ ਨੇ 10 ਅੰਕਾਂ ਨਾਲ ਚੋਟੀ ਸਥਾਨ ਹਾਸਲ ਕੀਤਾ ਪਰ ਸਰਵਿਸੇਜ ਬਿਹਤਰ ਗੋਲ ਔਸਤ ਦੇ ਹਿਸਾਬ ਨਾਲ ਗਰੁਪ ਵਿਚ ਚੋਟੀ 'ਤੇ ਰਹੀ। ਦਿੱਲੀ ਨੂੰ ਇਨ੍ਹਾਂ ਤੋਂ 4 ਅੰਕ ਪਿੱਛੇ ਗਰੁਪ ਵਿਚ ਤੀਜਾ ਸਥਾਨ ਮਿਲਿਆ।
ਗਰੁਪ-ਏ ਵਿਚ ਪੰਜਾਬ ਨੇ ਕਰਨਾਟਕ ਨੂੰ 4-3 ਨਾਲ ਹਰਾਉਣ ਤੋਂ ਬਾਅਦ ਚੋਟੀ ਸਥਾਨ ਹਾਸਲ ਕੀਤਾ। ਪੰਜਾਬ ਦੇ 9 ਅੰਕ ਰਹੇ। ਕਰਨਾਟਕ ਅਤੇ ਮਹਾਰਾਸ਼ਟਰ ਦੋਵਾਂ ਦੇ 7-7 ਅੰਕ ਰਹੇ। ਮਹਾਰਾਸ਼ਟਰ ਨੇ ਸਿੱਕਮ ਨੂੰ 5-0 ਨਾਲ ਹਰਾਇਆ। ਕਰਨਾਟਕ ਅਤੇ ਮਹਾਰਾਸ਼ਟਰ ਵਿਚਾਲੇ ਗਰੁਪ ਵਿਚ ਮੁਕਾਬਲਾ ਬਰਾਬਰ ਰਿਹਾ ਸੀ ਅਤੇ ਦੋਵਾਂ ਦਾ ਗੋਲ ਫਰਕ ਵੀ ਬਰਾਬਰ ਰਿਹਾ ਸੀ ਪਰ ਕਰਨਾਟਕ ਨੇ ਇਕ ਗੋਲ ਵੱਧ ਕਰਨ ਕਾਰਨ ਗਰੁਪ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਪਹਿਲਾ ਸੈਮੀਫਾਈਨਲ ਪੰਜਾਬ ਅਤੇ ਗੋਆ ਵਿਚਾਲੇ ਖੇਡਿਆ ਜਾਵੇਗਾ। ਪੰਜਾਬ 8 ਵਾਰ ਦਾ ਚੈਂਪੀਅਨ ਜਦਕਿ ਗੋਆ 5 ਵਾਰ ਦਾ ਚੈਂਪੀਅਨ ਰਿਹਾ ਹੈ।