ਭਾਰਤੀ ਮੁੱਕੇਬਾਜ਼ਾਂ ਦੀਆਂ ਤਿਆਰੀਆਂ ’ਚ ਕੋਈ ਰੁਕਾਵਟ ਨਹੀਂ : ਨੀਵਾ

03/19/2020 11:19:46 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਇਸ ਸਾਲ ਹੋਣ ਵਾਲੇ ਓਲੰਪਿਕ ਦੀਆਂ ਤਿਆਰੀਆਂ ਵਿਚ ਰੁਕਾਵਟ ਪੈਦਾ ਹੋ ਗਈ ਹੈ ਪਰ ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਸੈਂਟੀਆਗੋ ਨੀਵਾ ਦਾ ਮੰਨਣਾ ਹੈ ਕਿ ਭਾਰਤੀ ਮੁੱਕੇਬਾਜ਼ਾਂ ‘ਤੇ ਇਸ ਦਾ ਅਸਰ ਨਹੀਂ ਪਵੇਗਾ ਤੇ ਯਾਤਰਾ ਪਾਬੰਦੀ ਨਾ ਹਟਣ ‘ਤੇ ਵੀ ਉਹ ਘਰ ‘ਚ ਤਿਆਰੀ ਕਰ ਲੈਣਗੇ। ਨੀਵਾ ਨੇ 27 ਮਾਰਚ ਤਕ ਅਹਿਤਿਆਤ ਵਜੋਂ ਖ਼ੁਦ ਨੂੰ ਵੱਖ ਕਰ ਲਿਆ ਹੈ। 

ਨੀਵਾ ਨੇ ਕਿਹਾ ਕਿ ਵੱਖ ਰਹਿਣਾ ਕਾਫੀ ਮਾੜਾ ਹੈ। ਮੈਂ ਇੱਥੇ ਸਮਾਂ ਕੱਟ ਰਿਹਾ ਹਾਂ ਪਰ ਸਾਨੂੰ ਸੰਜਮ ਨਾਲ ਕੰਮ ਲੈਣਾ ਪਵੇਗਾ। ਇਹ ਦੌਰ ਵੀ ਗੁਜ਼ਰ ਜਾਵੇਗਾ। ਸਾਵਧਾਨੀ ਵਰਤਣੀ ਜ਼ਰੂਰੀ ਹੈ। ਘਬਰਾਉਣ ਨਾਲ ਕੀ ਹੋਵੇਗਾ। ਜੋ ਵੀ ਹੋਵੇਗਾ ਸਾਰੇ ਦੇਸ਼ਾਂ ਲਈ ਇੱਕੋ ਜਿਹਾ ਹੋਵੇਗਾ। ਯਾਤਰਾ ਪਾਬੰਦੀ ਨਾ ਹਟਣ ‘ਤੇ ਸਾਡੇ ਕੋਲ ਭਾਰਤ ਵਿਚ ਹੀ ਬਿਹਤਰੀਨ ਬੁਨਿਆਦੀ ਢਾਂਚਾ ਹੈ ਜਿਸ ਨਾਲ ਤਿਆਰੀਆਂ ‘ਤੇ ਅਸਰ ਨਹੀਂ ਪਵੇਗਾ। ਭਾਰਤੀ ਮੁੱਕੇਬਾਜ਼ ਓਲੰਪਿਕ ਤੋਂ ਪਹਿਲਾਂ ਵਿਦੇਸ਼ ਵਿਚ ਤਿਆਰੀ ਕਰਦੇ ਹਨ। ਉਨ੍ਹਾਂ ਨੇ ਮਈ ਵਿਚ ਰੂਸ ਵਿਚ ਇਕ ਟੂਰਨਾਮੈਂਟ ਖੇਡਣਾ ਸੀ ਜੋ ਹੁਣ ਸੰਭਵ ਨਹੀਂ ਦਿਖਾਈ ਦਿੰਦਾ। ਨੀਵਾ ਨੇ ਕਿਹਾ ਕਿ ਪੈਰਿਸ ਵਿਚ ਵਿਸ਼ਵ ਕੁਆਲੀਫਾਇਰ ਨਹੀਂ ਹੋ ਰਹੇ ਹਨ। ਅਸੀਂ 13 ਵਰਗਾਂ ਵਿਚੋਂ ਨੌਂ ਵਿਚ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ ਜਿਸ ਦਾ ਫ਼ਾਇਦਾ ਮਿਲੇਗਾ। ਸਾਡੇ ‘ਤੇ ਕੋਈ ਦਬਾਅ ਨਹੀਂ ਹੈ।


Tarsem Singh

Content Editor

Related News