ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦੇ ਟਰਾਇਲ 9 ਫਰਵਰੀ ਨੂੰ
Thursday, Feb 07, 2019 - 06:24 PM (IST)
ਸੁਲਤਾਨਪੁਰ ਲੋਧੀ— ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦਾ ਗਠਨ ਕੀਤਾ ਗਿਆ ਹੈ। ਇਸ ਅਕੈਡਮੀ ਲਈ ਹਾਕੀ ਖਿਡਾਰੀਆਂ ਦੀ ਚੋਣ ਕਰਨ ਲਈ 9 ਫਰਵਰੀ ਨੂੰ ਟਰਾਇਲ ਕੀਤੇ ਜਾ ਰਹੇ ਹਨ।ਅਕੈਡਮੀ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਜਨਰਲ ਸਕੱਤਰ ਗੁਲਬਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਖਿਡਾਰੀਆਂ ਦੀ ਚੋਣ ਵਾਸਤੇ 9 ਫਰਵਰੀ ਨੂੰ ਸਵੇਰੇ 9 ਵਜੇ ਪਿੰਡ ਸੀਚੇਵਾਲ ਦੀ ਹਾਕੀ ਗਰਾਂਉਂਡ 'ਚ ਟਰਾਇਲ ਹੋਣਗੇ। ਇੰਨ੍ਹਾਂ ਖਿਡਾਰੀਆਂ ਦੀ ਚੋਣ ਅੰਡਰ 14 ਅਤੇ ਅੰਡਰ 16 (ਸਾਲ ਲੜਕੇ) ਉਮਰ ਵਰਗ 'ਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਖਿਡਾਰੀ ਟਰਾਇਲ ਦੇਣ ਦੇ ਇਛੁੱਕ ਹਨ, ਉਹ ਆਪਣੇ ਨਾਲ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਦੋ ਫੋਟੋਆਂ ਵੀ ਲੈ ਕੇ ਆਉਣ। ਟਰਾਇਲ ਦੇਣ ਆਏ ਖਿਡਾਰੀਆਂ ਲਈ ਰਿਹਾਇਸ਼ ਅਤੇ ਭੋਜਣ ਦਾ ਖਾਸ ਪ੍ਰਬੰਧ ਹੋਵੇਗਾ। ਅੰਡਰ 14 ਸਾਲ ਨੂੰ 2006 ਤੋਂ ਅਤੇ ਅੰਡਰ 16 ਸਾਲ 2003 ਸਾਲ ਨੂੰ ਉਮਰ ਦਾ ਅਧਾਰ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜਿੱਥੇ ਪੰਜਾਬ ਦੇ ਵਾਤਾਵਰਣ ਦੀ ਸ਼ੁੱਧਤਾ ਲਈ ਪਿਛਲੇ 19 ਸਾਲਾਂ ਤੋਂ ਵੱਡੀ ਲੜਾਈ ਲੜ ਰਹੇ ਹਨ, ਉਥੇ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵੀ ਖੇਡਾਂ ਦੇ ਖੇਤਰ 'ਚ 1999 ਤੋਂ ਲਗਾਤਾਰ ਜੁਟੇ ਹੋਏ ਹਨ। ਹਾਕੀ, ਕੁਸ਼ਤੀ, ਕਬੱਡੀ, ਅਥਲੈਟਿਕਸ, ਰਸਾਕਸ਼ੀ ਅਤੇ ਪਾਣੀ ਵਾਲੀਆਂ ਖੇਡਾਂ 'ਚ ਖਿਡਾਰੀਆਂ ਨੂੰ ਅਭਿਆਸ ਕਰਾਉਣ ਲਈ ਪੰਜ ਕੋਚ ਮੁਹੱਈਆ ਕਰਵਾਏ ਹੋਏ ਹਨ। ਹਾਕੀ ਲਈ ਐਸਟਰੋਟਰਫ, ਰੈਸਲਿੰਗ ਲਈ ਗੱਦੇ, ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਅਤੇ ਜਿਮ ਖਿਡਾਰੀਆਂ ਨੂੰ ਮੁਹੱਈਆ ਕਰਵਾਇਆ ਹੋਇਆ ਹੈ। ਖਿਡਾਰੀਆਂ ਨੂੰ ਪੂਰੀ ਸੁੱਖ ਸਹੂਲਤ ਇੱਕ ਉਂਕਾਰ ਚੈਰੀਟੇਬਲ ਟਰੱਸਟ ਵੱਲੋਂ ਫਰੀ ਮੁਹੱਈਆ ਕਰਵਾਈ ਜਾ ਰਹੀ ਹੈ। ਖੇਡਾਂ ਦੇ ਖੇਤਰ 'ਚ ਇਕ ਹੋਰ ਨਗ ਜੋੜਦਿਆਂ ਹੁਣ ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਬਣਾਈ ਗਈ ਹੈ। ਇਸ ਅਕੈਡਮੀ 'ਚ ਅਭਿਆਸ ਕਰਨ ਵਾਲੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹਾਕੀ ਖੇਡ ਸਕਣਗੇ। ਦੋਵੇਂ ਇਲਾਕੇ 'ਚ ਸੰਤ ਸੀਚੇਵਾਲ ਖਿਡਾਰੀਆਂ ਲਈ ਮਸੀਹਾ ਬਣੇ ਹੋਏ ਹਨ। ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਵਿੱਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
