2020 ਟੋਕੀਓ ਓਲੰਪਿਕ ਤੋਂ ਪਹਿਲਾਂ ਵਾਪਸੀ ਕਰਾਂਗੀ: ਸਾਨੀਆ ਮਿਰਜਾ

Monday, May 07, 2018 - 10:15 AM (IST)

ਨਵੀਂ ਦਿੱਲੀ— ਟੈਨਿਸ ਸਟਾਰ ਸਾਨੀਆ ਮਿਰਜਾ ਮਾਂ ਬਣਨ ਵਾਲੀ ਹੈ। ਬੀਤੇ ਦਿਨਾਂ 'ਚ ਉਨ੍ਹਾਂ ਨੇ ਸੋਸ਼ਲ ਸਾਈਟਸ 'ਤੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਫਿਲਹਾਲ ਸਾਨੀਆ ਸੱਟ ਦੇ ਕਾਰਨ ਵੀ ਟੈਨਿਸ ਤੋਂ ਦੂਰ ਹੈ। ਹੁਣ ਉਹ ਕੋਰਟ 'ਤੇ ਕਦੋਂ ਵਾਪਸੀ ਕਰੇਗੀ, ਇਸ ਸਵਾਲ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਅੱਗੇ ਦੀ ਗੱਲ ਹੈ। ਮਾਂ ਬਣਦੇ ਹੀ ਟੈਨਿਸ ਕੋਰਟ 'ਚ ਵਾਪਸੀ ਉਨ੍ਹਾਂ ਦੇ ਲਈ ਤਰਜੀਹ ਹੋਵੇਗੀ। ਉਹ ਇਕ ਉਦਾਹਰਨ ਦੇਣਾ ਚਾਹੁੰਦੀ ਹੈ ਕਿ ਗਰਭਵਤੀ ਹੋਣ ਦੇ ਕਾਰਨ ਮਹਿਲਾਵਾਂ ਨੂੰ ਆਪਣੇ ਸੁਪਨਿਆਂ ਨੂੰ ਨਹੀਂ ਛੱਡਣਾ ਚਾਹੀਦਾ।

ਸਾਨੀਆ ਨੇ ਸਾਲ 2010 'ਚ ਸ਼ੋਇਬ ਨਾਲ ਵਿਆਹ ਕੀਤਾ ਸੀ ਅਤੇ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ। ਸਾਨੀਆ ਨੇ ਕਿਹਾ, ਅਸੀਂ ਇਸ ਬੱਚੇ ਬਾਰੇ ਕੁਝ ਸਮੇਂ ਤੋਂ ਸੋਚ ਰਹੇ ਸੀ। ਸਾਨੂੰ ਲੱਗਾ ਕਿ ਇਹ ਜ਼ਿੰਦਗੀ 'ਚ ਅੱਗੇ ਵਧਣ ਅਤੇ ਜ਼ਿੰਦਗੀ 'ਚ ਨਵੇਂ ਦੌਰ ਦਾ ਅਨੁਭਵ ਕਰਨ ਦੇ ਲਈ ਸਹੀ ਸਮਾਂ ਹੈ। ਸਾਨੀਆ ਨੇ ਕਿਹਾ, ਟੋਕੀਓ ਉਲੰਪਿਕ ਦਾ ਸਫਰ ਹਜੇ ਬਹੁਤ ਦੂਰ ਹੈ। ਇਕ ਟੈਨਿਸ ਖਿਡਾਰੀ ਦੇ ਰੂਪ 'ਚ ਇਹ ਮੈਂ ਕਈ ਵਾਰ ਕਿਹਾ ਹੈ। ਕਿ ਕਾਸ਼ ਅਸੀਂ ਇਹ ਜਾਣ ਲੈਂਦੇ ਕਿ ਕਲ ਸਾਡੀ ਜ਼ਿੰਦਗੀ 'ਚ ਕੀ ਹੋਵੇਗਾ। ਹਜੇ ਤਾਂ ਇਹ ਸੰਭਵ ਲੱਗ ਰਿਹਾ ਹੈ, ਪਰ ਹਰ ਕਿਸੇ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਇਹ ਦੇਖਣਾ ਵੀ ਕਿ ਜ਼ਿੰਦਗੀ ਤੁਹਾਨੂੰ ਕਿਸ ਰਾਹ 'ਤੇ ਲੈ ਕੇ ਜਾਂਦੀ ਹੈ। ਨਿਸ਼ਿਚਤ ਤੌਰ 'ਤੇ ਟੈਨਿਸ ਕੋਰਟ 'ਤੇ ਵਾਪਸੀ ਮੇਰੀ ਤਰਜੀਹ ਹੋਵੇਗੀ।

ਉਨ੍ਹਾਂ ਨੇ ਕਿਹਾ, ਇਕ ਮਹਿਲਾ ਦੇ ਲਈ ਗਰਭਵਤੀ ਹੋਣਾ ਅਹਿਮ ਹੈ। ਜਦੋਂ ਤੁਸੀਂ ਇਸ ਅਵਸਥਾ 'ਚ ਹੁੰਦੇ ਹੋ ਤਾਂ ਤੁਹਾਡੇ ਲਈ ਇਕ ਸਿਹਤਮੰਦ ਬੱਚੇ ਦਾ ਜਨਮ ਮਹੱਤਵਪੂਰਨ ਹੁੰਦਾ ਹੈ। ਮੈਂ ਚਾਹੁੰਦੀ ਹਾਂ ਕਿ ਮਹਿਲਾਵਾਂ ਇਸ ਗੱਲ ਨੂੰ ਸਮਝਣ ਕਿ ਤੁਸੀਂ ਚਾਹੇ ਹੀ ਇਕ ਲੋਕਪ੍ਰਿਆ ਹਸਤੀ ਹੋ ਜਾਂ ਆਮ ਇਨਸਾਨ, ਭਾਰ ਵਧਣਾ ਮਾਇਨੇ ਨਹੀਂ ਰੱਖਦਾ। ਮਾਂ ਬਣਨ ਦੇ ਦੌਰਾਨ ਤੁਹਾਡਾ ਭਾਰ ਵਧੇਗਾ, ਪਰ ਤੁਸੀਂ ਇਸ ਨੂੰ ਆਪਣੀ ਇੱਛਾ ਨਾਲ ਘੱਟ ਵੀ ਕਰ ਸਕਦੇ ਹੋ।


Related News