ਸਾਨੀਆ ਮਿਰਜ਼ਾ ਦੇ ਪੁੱਤਰ ਦੀ ਵੀਜ਼ਾ ਬੇਨਤੀ ’ਤੇ ਵਿਚਾਰ ਕਰ ਰਹੀ ਹੈ ਇੰਗਲੈਂਡ ਸਰਕਾਰ
Friday, May 21, 2021 - 08:32 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਯਾਤਰਾ ਕਰਨਾ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਖਿਡਾਰੀਆਂ ਲਈ ਵੀ ਕਾਫ਼ੀ ਮੁਸ਼ਕਲ ਹੋ ਰਿਹਾ ਹੈ। ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇੰਗਲੈਂਡ ਦੀ ਯਾਤਰਾ ਕਰਨ ਵਾਲੀ ਹੈ ਤੇ ਉਨ੍ਹਾਂ ਨੂੰ ਯੂਕੇ ਸਰਕਾਰ ਵੱਲੋਂ ਵੀਜ਼ਾ ਵੀ ਜਾਰੀ ਕਰ ਦਿੱਤਾ ਗਿਆ ਹੈ ਪਰ ਪੁੱਤਰ ਤੇ ਉਸ ਦੇ ਕਾਰਜਵਾਹਕ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਭਾਰਤ ਕੋਵਿਡ-19 ਦੀ ਦੂਜੀ ਲਹਿਰ ਕਾਰਨ ਰੈੱਡ ਲਿਸਟ ’ਚ ਹੈ।
ਸਾਨੀਆ ਦੀ ਗੁਹਾਰ ’ਤੇ ਭਾਰਤੀ ਖੇਡ ਮੰਤਰਾਲਾ ਨੇ ਯੂਕੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਟੈਨਿਸ ਸਟਾਰ ਆਪਣੇ ਦੋ ਸਾਲ ਦੇ ਪੁੱਤਰ ਨੂੰ ਦੇਸ਼ ’ਚ ਛੱਡ ਕੇ ਇਕ ਮਹੀੇਨ ਲਈ ਨਹੀਂ ਜਾ ਸਕਦੀ। ਇਸ ਲਈ ਖ਼ਾਸ ਆਧਾਰ ’ਤੇ ਇਜ਼ਹਾਨ ਮਿਰਜ਼ਾ ਮਲਿਕ ਤੇ ਉਨ੍ਹਾਂ ਦੇ ਕਾਰਜਵਾਹਕ ਨੂੰ ਵੀਜ਼ਾ ਦਿੱਤਾ ਜਾਵੇ। ਇਸ ’ਤੇ ਬਿ੍ਰਟਿਸ਼ ਹਾਈਕਮਿਸ਼ਨਰ ਨੇ ਕਿਹਾ ਕਿ ਇਹ ਮਾਮਲਾ ਫ਼ਿਲਹਾਲ ਵਿਚਾਰ ਅਧੀਨ ਹੈ। ਇਕ ਮੀਡੀਆ ਹਾਊਸ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਇਹ ਗੱਲ ਕਹੀ।
ਯੂਕੇ ਸਰਕਾਰ ਦੇ ਮਾਨਦੰਡਾਂ ਦੇ ਮੁਤਾਬਕ, ‘ਰੈੱਡ ਲਿਸਟ’ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਆਉਣ ’ਤੇ ਸਖ਼ਤ ਇਕਾਂਤਵਾਸ ਤੋਂ ਗੁਜ਼ਰਨਾ ਪੈਂਦਾ ਹੈ। ਅਜੇ ਤਕ ਸਿਰਫ਼ ਯੂਕੇ ਨਿਵਾਸੀਆਂ ਤੇ ਖ਼ਾਸ ਖਿਡਾਰੀਆਂ ਸਮੇਤ ਕੁਝ ਛੋਟ ਪ੍ਰਾਪਤ ਮਾਮਲਿਆਂ ਦੇ ਲੋਕਾਂ ਨੂੰ ਭਾਰਤ ਤੋਂ ਇੰਗਲੈਂਡ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਸਾਨੀਆ ਦੀ ਚਿੰਤਾ ’ਤੇ ਖੇਡ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ, ‘‘ਸਾਨੀਆ ਜੋ ਕਿ ਖੇਡ ਮੰਤਰਾਲਾ ਦੀ ਟੀਚਾ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦਾ ਹਿੱਸਾ ਹੈ, ਨੇ ਮੰਤਰਾਲਾ ਨਾਲ ਸੰਪਰਕ ਕਰਕੇ ਆਪਣੇ ਪੁੱਤਰ ਤੇ ਉਸ ਦੇ ਕਾਰਜਵਾਹਕ ਦੇ ਵੀਜ਼ਾ ਦੀ ਮਦਦ ਮੰਗੀ ਹੈ। ਭਾਰਤ ਲਈ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੀ ਸਾਨੀਆ ਦਾ ਪੂਰਾ ਜ਼ੂਨ ’ਚ ਗ੍ਰਾਸ-ਕੋਰਟ ਟੂਰਨਾਮੈਂਟ ਖੇਡਣ ਦਾ ਪ੍ਰੋਗਰਾਮ ਹੈ। ਸਾਨੀਆ ਚੋਟੀ ਦੀ ਅਸਾਈਨਮੈਂਟਸ ’ਚ ਨਾਟਿੰਘਮ ਓਪਨ, ਬਰਮਿੰਘਮ ਓਪਨ ਤੇ ਈਸਟ ਬੋਰਨ ਓਪਨ ਦੇ ਨਾਲ-ਨਾਲ ਵਿੰਬਲਡਨ ’ਚ ਵੀ ਸ਼ਾਮਲ ਹੈ।