ਸਾਨੀਆ ਨੇ ਭਾਰਤ-ਪਾਕਿ ਵਿਸ਼ਵ ਕੱਪ ਮੈਚ ਤੋਂ ਪਹਿਲਾਂ ''ਸ਼ਰਮਨਾਕ'' ਇਸ਼ਤਿਹਾਰਾਂ ਨੂੰ ਲਤਾੜਿਆ

Wednesday, Jun 12, 2019 - 09:39 PM (IST)

ਸਾਨੀਆ ਨੇ ਭਾਰਤ-ਪਾਕਿ ਵਿਸ਼ਵ ਕੱਪ ਮੈਚ ਤੋਂ ਪਹਿਲਾਂ ''ਸ਼ਰਮਨਾਕ'' ਇਸ਼ਤਿਹਾਰਾਂ ਨੂੰ ਲਤਾੜਿਆ

ਨਵੀਂ ਦਿੱਲੀ - ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਉਡੀਕੇ ਜਾ ਰਹੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਬੁੱਧਵਾਰ ਨੂੰ 'ਸ਼ਰਮਨਾਕ' ਟੀ. ਵੀ. ਇਸ਼ਤਿਹਾਰਾਂ ਨੂੰ ਝਾੜ ਪਾਈ ਹੈ। ਦੋਵੇਂ ਮੁੱਖ ਵਿਰੋਧੀ ਟੀਮਾਂ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਟੀ. ਵੀ. ਚੈਨਲਾਂ 'ਤੇ ਇਸ਼ਤਿਹਾਰਾਂ ਦੀ ਜੰਗ ਛਿੜੀ ਹੋਈ ਹੈ। ਇਸ ਵਿਚ ਕੁੱਝ ਨਿੰਦਣਯੋਗ ਸਮੱਗਰੀ ਵਾਲੇ ਇਸ਼ਤਿਹਾਰ ਵੀ ਦਿਖਾਏ ਜਾ ਰਹੇ ਹਨ। ਪਾਕਿਸਤਾਨ ਦੇ ਜੈਜ ਟੀ. ਵੀ. ਨੇ ਇਕ ਇਸ਼ਤਿਹਾਰ ਤਿਆਰ ਕੀਤਾ ਹੈ। ਇਸ ਵਿਚ ਇਕ ਵਿਅਕਤੀ ਨੂੰ ਵਿੰਗ ਕਮਾਂਡਰ ਅਭਿਨੰਦਨ ਦਾ ਮਜ਼ਾਕ ਉਡਾਉਂਦੇ ਦੇਖਿਆ ਜਾ ਸਕਦਾ ਹੈ। ਅਭਿਨੰਦਨ ਨੂੰ ਬਾਲਾਕੋਟ ਵਿਚ ਭਾਰਤ ਦੇ ਹਵਾਈ ਹਮਲੇ ਦੇ ਇਕ ਦਿਨ ਬਾਅਦ ਪਾਕਿਸਤਾਨ ਦੀ ਫੌਜ ਨੇ ਫੜ ਲਿਆ ਸੀ।

PunjabKesari
ਇਸ 33 ਸੈਕੰਡ ਦੇ ਇਸ਼ਤਿਹਾਰ ਵਿਚ ਮਾਡਲ ਨੂੰ ਭਾਰਤ ਦੀ ਨੀਲੀ ਜਰਸੀ ਵਿਚ ਦਿਖਾਇਆ ਜਾਂਦਾ ਹੈ। ਉਸ ਦੀਆਂ ਮੁੱਛਾਂ ਅਭਿਨੰਦਨ ਦੀ ਤਰ੍ਹਾਂ ਬਣਾਈਆਂ ਗਈਆਂ ਹਨ। ਉਸ ਨੂੰ ਮੈਚ ਲਈ ਭਾਰਤ ਦੀ ਰਣਨੀਤੀ ਬਾਰੇ ਪੁੱਛੇ ਜਾਣ 'ਤੇ ਅਭਿਨੰਦਨ ਦੀ ਵਾਇਰਲ ਹੋਈ ਇਸ ਟਿੱਪਣੀ ਨੂੰ ਦੁਹਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ''ਮੈਨੂੰ ਮੁਆਫ ਕਰੋ, ਮੈਂ ਤੁਹਾਨੂੰ ਇਸ ਦੀ ਜਾਣਕਾਰੀ ਦੇਣ ਲਈ ਪਾਬੰਦ ਨਹੀਂ ਹਾਂ।''

PunjabKesari
ਦੂਜੇ ਪਾਸੇ ਭਾਰਤ ਦਾ ਸਟਾਰ ਸਪੋਰਟਸ ਟੀ. ਵੀ. ਇਕ ਇਸ਼ਤਿਹਾਰ ਦਿਖਾ ਰਿਹਾ ਹੈ। ਇਸ ਵਿਚ ਭਾਰਤੀ ਸਮਰਥਕ ਖੁਦ ਨੂੰ ਪਾਕਿਸਤਾਨ ਦਾ 'ਅੱਬੂ' (ਪਿਤਾ) ਦੱਸਦਾ ਹੈ। ਇਹ ਵਿਸ਼ਵ ਕੱਪ ਵਿਚ ਪਾਕਿਸਤਾਨ 'ਤੇ ਭਾਰਤੀ ਟੀਮ ਦੇ ਦਬਦਬੇ ਦੇ ਸਬੰਧ ਵਿਚ ਹੈ।
ਸਾਨੀਆ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਸਰਹੱਦ ਦੇ ਦੋਵੇਂ ਪਾਸਿਓਂ ਸ਼ਰਮਨਾਕ ਸਮੱਗਰੀ ਵਾਲੇ ਇਸ਼ਤਿਹਾਰ, ਗੰਭੀਰ ਹੋ ਜਾਵੋ, ਤੁਹਾਨੂੰ ਇਸ ਤਰ੍ਹਾਂ ਦੇ ਬਕਵਾਸ ਦੇ ਨਾਲ ਹਾਈਪ ਬਣਾਉਣ ਜਾਂ ਮੈਚ ਦਾ ਪ੍ਰਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਹਿਲਾਂ ਹੀ ਇਸ 'ਤੇ ਕਾਫੀ ਨਜ਼ਰਾਂ ਹਨ। ਇਹ ਸਿਰਫ ਕ੍ਰਿਕਟ ਹੈ।''

 


author

Gurdeep Singh

Content Editor

Related News