ICC ਦੀ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਮੈਲਬੋਰਨ ਕਲੱਬ ਦੇ ਕੋਚ ਬਣੇ ਜੈਸੂਰਿਆ

Friday, Jun 04, 2021 - 06:07 PM (IST)

ਮੈਲਬੋਰਨ— ਸ਼੍ਰੀਲੰਕਾ ਦੇ ਧਾਕੜ ਕ੍ਰਿਕਟਰ ਸਨਥ ਜੈਸੂਰੀਆ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਦੋ ਸਾਲ ਦੀ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਮੈਲਬੋਰਨ ਦੇ ਕਲੱਬ ਮੁਲਗ੍ਰੇਵ ’ਚ ਕੋਚ ਦੇ ਤੌਰ ’ਤੇ ਕ੍ਰਿਕਟ ਜਗਤ ’ਚ ਵਾਪਸੀ ਕਰਨਗੇ। ਜੈਸੂਰਿਆ ’ਤੇ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਉਲੰਘਣਾ ਲਈ ਫ਼ਰਵਰੀ 2019 ’ਚ ਪਾਬੰਦੀ ਲਾਈ ਗਈ ਸੀ।

‘ਹੇਰਾਲਡ ਸਨ’ ਦੀ ਰਿਪੋਰਟ ਦੇ ਮੁਤਾਬਕ ਸ਼੍ਰੀਲੰਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਨੇ 51 ਸਾਲਾ ਜੈਸੂਰਿਆ ਨੂੰ ਇਹ ਅਹੁਦਾ ਸੰਭਾਲਣ ਲਈ ਮਨਾਇਆ। ਮੁਲਗ੍ਰੇਵ ਦੇ ਪ੍ਰਧਾਨ ਮਾਲਿਨ ਪੁਲੇਨਯੇਗਮ ਨੇ ਕਿਹਾ, ‘‘ਦਿਲਸ਼ਾਨ ਨੇ ਸਾਡੇ ਲਈ ਰਸਤਾ ਖੋਲ੍ਹਿਆ ਤੇ ਇਹ ਸਾਡੇ ਲਈ ਸ਼ਾਨਦਾਰ ਮੌਕਾ ਹੈ। ਸਾਨੂੰ ਇਸ ’ਤੇ ਕੰਮ ਕਰਨਾ ਸੀ ਤੇ ਇਕ ਸਮਝੌਤਾ ਕਰਨਾ ਸੀ। ਅਸੀਂ ਅਜਿਹਾ ਕੀਤਾ। ਇਹ ਸਾਡੇ ਯੁਵਾ ਖਿਡਾਰੀਆਂ ਲਈ ਕੌਮਾਂਤਰੀ ਕ੍ਰਿਕਟ ਦੇ ਪੱਧਰ ਨੂੰ ਸਮਝਣ ਦਾ ਬਿਹਤਰੀਨ ਮੌਕਾ ਹੈ।’’

ਦਿਲਸ਼ਾਨ ਤੇ ਇਸ ਸਾਲ ਦੇ ਸ਼ੁਰੂ ’ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸ਼੍ਰੀਲੰਕਾ ਦੇ ਉਨ੍ਹਾਂ ਦੇ ਸਾਥੀ ਉਪੁਲ ਥਰੰਗਾ ਮੁਲਗ੍ਰੇਵ ਕਲੱਬ ਵੱਲੋਂ ਖੇਡਣਗੇ। ਜੈਸੂਰਿਆ ਸ਼੍ਰੀਲੰਕਾ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਉਨ੍ਹਾਂ 110 ਟੈਸਟ ਤੇ 445 ਵਨ-ਡੇ ਮੈਚ ਖੇਡੇ ਹਨ।


Tarsem Singh

Content Editor

Related News