ਏਸ਼ੀਆਈ ਚੈਂਪੀਅਨਸ਼ਿਪ ''ਚ ਸਾਕਸ਼ੀ ਨੇ ਜਿੱਤਿਆ ਚਾਂਦੀ ਦਾ ਤਮਗਾ

05/13/2017 1:24:19 PM

ਨਵੀਂ ਦਿੱਲੀ— ਸਟਾਰ ਪਹਿਲਵਾਨ ਸਾਕਸ਼ੀ ਮਲਿਕ ਨੂੰ ਸ਼ੁੱਕਰਵਾਰ ਨੂੰ ਇੱਥੇ ਮਹਿਲਾ 60 ਕਿਲੋਗ੍ਰਾਮ ਵਰਗ ਦੇ ਫਾਈਨਲ ''ਚ ਜਾਪਾਨ ਦੀ ਰਿਸਾਕੀ ਕਵਾਈ ਦੇ ਵਿਰੁੱਧ ਹਾਰ ਦੇ ਨਾਲ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਓਲੰਪਿਕ ਤੋਂ ਬਾਅਦ ਕੌਮਾਂਤਰੀ ਸਰਕਟ ''ਚ ਵਾਪਸੀ ਕਰ ਰਹੀ ਸਾਕਸ਼ੀ ਲੈਅ ''ਚ ਨਹੀਂ ਦਿਖੀ ਅਤੇ ਉਨ੍ਹਾਂ ਨੂੰ ਰੀਓ ਓਲੰਪਿਕ ਦੇ 63 ਕਿਲੋਗ੍ਰਾਮ ਵਰਗ ਦੀ ਸੋਨ ਤਮਗਾ ਜੇਤੂ ਰਿਸਾਕੀ ਦੇ ਵਿਰੁੱਧ ਦੋ ਮਿੰਟ ਅਤੇ 44 ਸਕਿੰਟਾਂ ''ਚ ਹੀ 10-0 ਨਾਲ ਹਾਰ ਦਾ ਸਾਹਮਣਆ ਕਰਨਾ ਪਿਆ। ਪਿਛਲੇ ਸਾਲ ਰੀਓ ''ਚ ਕਾਂਸੀ ਤਮਗੇ ਦੇ ਨਾਲ ਓਲੰਪਿਕ ''ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਣ ਵਾਲੀ ਸਾਕਸ਼ੀ ਜਾਪਾਨ ਦੀ ਆਪਣੀ ਮਜ਼ਬੂਤ ਮੁਕਾਬਲੇਬਾਜ਼ ਨੂੰ ਕੋਈ ਚੁਣੌਤੀ ਨਹੀਂ ਦੇ ਸਕੀ।

ਵਜ਼ਨ ਵਰਗ ਵਧਾਉਣ ਦੇ ਬਾਅਦ 58 ਕਿਲੋਗ੍ਰਾਮ ਦੀ ਜਗ੍ਹਾ ਪਹਿਲੀ ਵਾਰ 60 ਕਿਲੋਗ੍ਰਾਮ ਵਰਗ ''ਚ ਹਿੱਸਾ ਲੈ ਰਹੀ ਸਾਕਸ਼ੀ ਨੂੰ ਫਾਈਨਲ ਤੱਕ ਦੇ ਸਫਰ ਦੇ ਦੌਰਾਨ ਬੜੀ ਮੁਸ਼ਕਲ ''ਚ ਪਸੀਨਾ ਵਹਾਉਣਾ ਪਿਆ। 24 ਸਾਲਾ ਸਾਕਸ਼ੀ ਨੇ ਕੁਆਰਟਰਫਾਈਨਲ ''ਚ ਉਜ਼ਬੇਕਿਸਤਾਨ ਦੀ ਨਬੀਰਾ ਐਸੇਨਬਾਏਵਾ ਨੂੰ 6-2 ਨਾਲ ਹਰਾਉਣ ਦੇ ਬਾਅਦ ਸੈਮੀਫਾਈਨਲ ''ਚ ਅਯਾਅੁਲਿਮ ਕਾਸੀਮੋਵਾ ਨੂੰ 15-3 ਨਾਲ ਹਰਾ ਕੇ ਫਾਈਨਲ ''ਚ ਜਗ੍ਹਾ ਬਣਾਈ। ਇਕ ਹੋਰ ਭਾਰਤੀ ਵਿਨੇਸ਼ ਫੋਗਾਟ ਨੂੰ ਵੀ ਮਹਿਲਾ 55 ਕਿਲੋਗ੍ਰਾਮ ਵਰਗ ''ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਦਿਵਿਆ ਕਕਰਾਨ ਵੀ ਮਹਿਲਾ 69 ਕਿਲੋਗ੍ਰਾਮ ਵਰਗ ''ਚ ਫਾਈਨਲ ''ਚ ਜਗ੍ਹਾ ਬਣਾਉਣ ''ਚ ਸਫਲ ਰਹੀ। ਵਿਨੇਸ਼ ਦਾ ਸਫਰ ਵੀ ਆਸਾਨ ਰਿਹਾ। ਉਨ੍ਹਾਂ ਮਹਿਲਾ 55 ਕਿਲੋਗ੍ਰਾਮ ਵਰਗ ਦੇ ਕੁਆਰਟਰਫਾਈਨਲ ''ਚ ਉਜ਼ਬੇਕਿਸਤਾਨ ਦੀ ਸੇਵਾਰਾ ਇਸ਼ਮੁਰਾਤੋਵਾ ਨੂੰ 10-0 ਨਾਲ ਹਰਾਉਣ ਦੇ ਬਾਅਦ ਚੀਨ ਦੀ ਝਾਂਗ ਨੂੰ 4-0 ਨਾਲ ਹਰਾਇਆ।

ਦਿਵਿਆ ਨੇ ਵੀ ਫਾਈਨਲ ਦੇ ਸਫਰ ਦੇ ਦੌਰਾਨ ਪ੍ਰਭਾਵਿਤ ਕੀਤਾ। ਉਨ੍ਹਾਂ ਤਾਈਪੇ ਦੀ ਚੇਨ ਚੀ ਨੂੰ ਮੈਟ ''ਤੇ ਡਿੱਗਾ ਕੇ 2-0 ਨਾਲ ਹਰਾਇਆ ਅਤੇ ਫਿਰ ਸੈਮੀਫਾਈਨਲ ''ਚ ਕੋਰੀਆ ਦੀ ਹਿਯੋਨਯੋਂਗ ਪਾਰਕ ਨੂੰ 12-4 ਨਾਲ ਹਰਾਇਆ ਸੀ। ਰਿਤੂ ਫੋਗਾਟ ਨੂੰ ਹਾਲਾਂਕਿ ਮਹਿਲਾ 48 ਕਿਲੋਗ੍ਰਾਮ ਵਰਗ ਦੇ ਫਾਈਨਲ ''ਚ ਜਾਪਾਨ ਦੀ ਯੁਕੀ ਸੁਸਾਕੀ ਦੇ ਵਿਰੁੱਧ ਹਾਰ ਝਲਣੀ ਪਈ। ਹੁਣ ਉਹ ਕਾਂਸੀ ਤਮਗੇ ਲਈ ਚੁਣੌਤੀ ਪੇਸ਼ ਕਰੇਗੀ। ਪਿੰਕੀ ਨੂੰ ਹਾਲਾਂਕਿ ਮਹਿਲਾ 53 ਕਿਲੋਗ੍ਰਾਮ ਵਰਗ ਦੇ ਕੁਆਰਟਰਫਾਈਨਲ ''ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ।


Related News