ਸਮੀਖਿਆ ਦੇ ਬਾਅਦ ਸਾਕਸ਼ੀ ਚੌਧਰੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਤੋਂ ਹੋਈ ਬਾਹਰ
Saturday, May 29, 2021 - 12:46 PM (IST)
ਸਪੋਰਟਸ ਡੈਸਕ- ਸਾਕਸ਼ੀ ਚੌਧਰੀ (54 ਕਿਲੋਗ੍ਰਾਮ) ਨੂੰ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਪਣਾ ਫਾਈਨਲ ਸਥਾਨ ਗੁਆਉਣਾ ਪਿਆ ਕਿਉਂਕਿ ਕਜ਼ਾਕਿਸਤਾਨ ਦੀ ਉਨ੍ਹਾਂ ਦੀ ਵਿਰੋਧੀ ਤੇ ਸਿਖਰਲਾ ਦਰਜਾ ਹਾਸਲ ਡੀਨਾ ਝੋਲੇਮਨ ਨੇ ਸੈਮੀਫਾਈਨਲ ਵਿਚ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਦਿੱਤੇ ਗਏ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਨੂੰ ਪਲਟ ਦਿੱਤਾ ਗਿਆ। ਸਾਕਸ਼ੀ ਨੂੰ ਰੈਗੂਲਰ ਮੁਕਾਬਲੇ ਵਿਚ 3-2 ਨਾਲ ਜੇਤੂ ਐਲਾਨ ਦਿੱਤਾ ਗਿਆ ਸੀ ਪਰ ਸਮੀਖਿਆ ਤੋਂ ਬਾਅਦ ਜੱਜਾਂ ਨੇ ਆਪਣਾ ਫ਼ੈਸਲਾ ਬਦਲ ਦਿੱਤਾ। ਏਸ਼ੀਆਈ ਮੁੱਕੇਬਾਜ਼ੀ ਕਨਫੈਡਰੇਸ਼ਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਕਜ਼ਾਕਿਸਤਾਨ ਦੀ ਡੀਨਾ ਝੋਲੇਮਨ ਨੇ ਮਹਿਲਾਵਾਂ ਦੇ ਬੈਂਥਮਵੇਟ (54 ਕਿਲੋਗ੍ਰਾਮ) ਵਿਚ ਭਾਰਤ ਦੀ ਸਾਕਸ਼ੀ ਚੌਧਰੀ ਨੂੰ ਹਰਾਇਆ।
ਭਾਰਤੀ ਟੀਮ ਦੇ ਸੂਤਰਾਂ ਨੇ ਕਿਹਾ ਕਿ ਕਜ਼ਾਕਿਸਤਾਨ ਦੀ ਟੀਮ ਨੇ ਤੀਜੇ ਗੇੜ ਦੀ ਸਮੀਖਿਆ ਕਰਨ ਨੂੰ ਕਿਹਾ ਜਿਸ ਵਿਚ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਫ਼ੈਸਲਾ ਉਨ੍ਹਾਂ ਦੀ ਮੁੱਕੇਬਾਜ਼ ਦੇ ਪੱਖ ਵਿਚ ਜਾਣਾ ਚਾਹੀਦਾ ਸੀ। ਸਮੀਖਿਆ ਦੌਰਾਨ ਜਿਊਰੀ ਨੇ ਉਨ੍ਹਾਂ ਦੀ ਦਲੀਲ ਨੂੰ ਸਹੀ ਪਾਇਆ ਤੇ ਪਹਿਲੇ ਫ਼ੈਸਲੇ ਨੂੰ ਪਲਟ ਦਿੱਤਾ। ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏਆਈਬੀਏ) ਨੇ 2019 ਵਿਚ ਮੁਕਾਬਲੇ ਦੀ ਸਮੀਖਿਆ ਪ੍ਰਣਾਲੀ ਲਾਗੂ ਕੀਤੀ ਸੀ। ਇਸ ਫ਼ੈਸਲੇ ਤੋਂ ਬਾਅਦ ਫਾਈਨਲ ਵਿਚ ਥਾਂ ਬਣਾਉਣ ਵਾਲੇ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੀ ਗਿਣਤੀ ਘਟ ਕੇ ਚਾਰ ਰਹਿ ਗਈ। ਇਨ੍ਹਾਂ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ (51 ਕਿਲੋਗ੍ਰਾਮ), ਲਾਲਬੁਆਤਸੀਹੀ (64 ਕਿਲੋਗ੍ਰਾਮ), ਪੂਰਾ ਜਾਣੀ (75 ਕਿਲੋਗ੍ਰਾਮ) ਤੇ ਅਨੁਪਮਾ (81 ਕਿਲੋਗ੍ਰਾਮ ਤੋਂ ਵੱਧ) ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ।