ਸਾਹਾ ਨੇ ਅਜੇਤੂ ਅਰਧ ਸੈਂਕੜੇ ਨਾਲ ਸਾਬਤ ਕੀਤੀ ਫਿਟਨੈੱਸ, ਅਭਿਆਸ ਮੈਚ ਡਰਾਅ

Tuesday, Dec 08, 2020 - 11:26 PM (IST)

ਸਾਹਾ ਨੇ ਅਜੇਤੂ ਅਰਧ ਸੈਂਕੜੇ ਨਾਲ ਸਾਬਤ ਕੀਤੀ ਫਿਟਨੈੱਸ, ਅਭਿਆਸ ਮੈਚ ਡਰਾਅ

ਸਿਡਨੀ– ਭਾਰਤ-ਏ ਦੇ ਬੱਲੇਬਾਜ਼ਾਂ ਨੇ ਆਸਟਰੇਲੀਆ-ਏ ਵਿਰੁੱਧ ਮੰਗਲਵਾਰ ਨੂੰ ਡਰਾਅ ਖਤਮ ਹੋਏ 3 ਦਿਨਾ ਅਭਿਆਸ ਮੈਚ ਵਿਚ ਆਪਣੀ ਦੂਜੀ ਪਾਰੀ ਵਿਚ ਨਿਰਾਸ਼ ਕੀਤਾ ਪਰ ਵਿਕਟਕੀਪਰ ਰਿਧੀਮਾਨ ਸਾਹਾ ਨੇ 100 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਅਜੇਤੂ 54 ਦੌੜਾਂ ਬਣਾ ਕੇ ਆਪਣੀ ਫਿਟਨੈੱਸ ਸਾਬਤ ਕਰ ਦਿੱਤੀ।
ਸਾਹਾ ਨੂੰ ਆਈ. ਪੀ. ਐੱਲ. ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ ਪਰ ਉਹ ਟੀਮ ਦੇ ਨਾਲ ਦੁਬਈ ਤੋਂ ਸਿੱਧੇ ਸਿਡਨੀ ਗਿਆ ਸੀ, ਜਿੱਥੇ ਉਸਦਾ ਰਿਹੈਬਿਲੀਟੇਸ਼ਨ ਚੱਲ ਰਿਹਾ ਸੀ। ਸਾਹਾ ਇਸ ਅਭਿਆਸ ਮੈਚ ਦੀ ਪਹਿਲੀ ਪਾਰੀ ਵਿਚ 4 ਗੇਂਦਾਂ ਵਿਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ ਸੀ ਪਰ ਦੂਜੀ ਪਾਰੀ ਵਿਚ ਉਸ ਨੇ ਸੰਕਲਪ ਦੇ ਨਾਲ ਬੱਲੇਬਾਜ਼ੀ ਕੀਤੀ ਤੇ 100 ਗੇਂਦਾਂ ਵਿਚ 7 ਚੌਕਿਆਂ ਦੇ ਸਹਾਰੇ 54 ਦੌੜਾਂ ਬਣਾ ਕੇ ਅਜੇਤੂ ਰਿਹਾ। ਸਾਹਾ ਨੇ ਇਸ ਤਰ੍ਹਾਂ 17 ਦਸੰਬਰ ਤੋਂ ਐਡੀਲੇਡ ਵਿਚ ਹੋਣ ਵਾਲੇ ਪਹਿਲੇ ਡੇਅ-ਨਾਈਟ ਟੈਸਟ ਲਈ ਆਪਣੀ ਫਿਟਨੈੱਸ ਸਾਬਤ ਕਰ ਦਿੱਤੀ।
ਅਸਾਟਰੇਲੀਆ-ਏ ਨੇ ਤੀਜੇ ਤੇ ਆਖਰੀ ਦਿਨ 8 ਵਿਕਟਾਂ 'ਤੇ 286 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 306 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਭਾਰਤ ਨੇ ਆਪਣੀ ਦੂਜੀ ਪਾਰੀ 9 ਵਿਕਟਾਂ 'ਤੇ 189 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ। ਭਾਰਤ-ਏ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 247 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਆਸਟਰੇਲੀਆ-ਏ ਨੇ ਆਪਣੀ ਦੂਜੀ ਪਾਰੀ ਵਿਚ 1 ਵਿਕਟ 'ਤੇ 52 ਦੌੜਾਂ ਬਣਾਈਆਂ ਤੇ ਮੈਚ ਡਰਾਅ ਹੋ ਗਿਆ।
ਭਾਰਤੀ ਬੱਲੇਬਾਜ਼ਾਂ ਨੇ ਦੂਜੀ ਪਾਰੀ 'ਚ ਕੀਤਾ ਨਿਰਾਸ਼–ਭਾਰਤੀ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਦੇ ਮੁਕਾਬਲੇ ਦੂਜੀ ਪਾਰੀ ਵਿਚ ਨਿਰਾਸ਼ ਕੀਤਾ। ਉਨ੍ਹਾਂ ਨੂੰ ਜਿਵੇਂ ਬੱਲੇਬਾਜ਼ੀ ਅਭਿਆਸ ਇਸ ਮੈਚ ਵਿਚ ਕਰਨਾ ਚਾਹੀਦਾ ਸੀ, ਉਸ ਤਰ੍ਹਾਂ ਦਾ ਨਹੀਂ ਕਰ ਸਕੇ। ਹਾਲਾਂਕਿ ਪਹਿਲੀ ਪਾਰੀ ਵਿਚ ਜ਼ੀਰੋ 'ਤੇ ਆਊਟ ਹੋਣ ਵਾਲੇ ਦੋਵੇਂ ਓਪਨਰ ਪ੍ਰਿਥਵੀ ਸ਼ਾਹ ਤੇ ਸ਼ੁਭਮਨ ਗਿੱਲ ਦੂਜੀ ਪਾਰੀ ਵਿਚ ਸਕੋਰ ਬੋਰਡ 'ਤੇ ਦੌੜਾਂ ਟੰਗਣ ਵਿਚ ਕਾਮਯਾਬ ਰਹੇ।
ਪ੍ਰਿਥਵੀ ਨੇ 31 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ ਜਦਕਿ ਗਿੱਲ ਨੇ 24 ਗੇਂਦਾਂ 'ਤੇ 29 ਦੌੜਾਂ ਵਿਚ 5 ਚੌਕੇ ਲਾਏ। ਪਹਿਲੀ ਪਾਰੀ ਵਿਚ 54 ਦੌੜਾਂ ਬਣਾਉਣ ਵਾਲਾ ਚੇਤੇਸ਼ਵਰ ਪੁਜਾਰਾ 8 ਗੇਂਦਾਂ ਵਿਚ ਖਾਤਾ ਖੋਲ੍ਹੇ ਬਿਨਾਂ ਤੇਜ਼ ਗੇਂਦਬਾਜ਼ ਮਾਈਕਲ ਨੇਸਰ ਦੀ ਗੇਂਦ 'ਤੇ ਬੋਲਡ ਹੋਇਆ। ਪੁਜਾਰਾ ਨੂੰ ਪਹਿਲੀ ਪਾਰੀ ਵਿਚ ਤੇਜ਼ ਗੇਂਦਬਾਜ਼ ਜੇਮਸ ਪੈਟਿੰਸਨ ਨੇ ਆਊਟ ਕੀਤਾ ਸੀ। ਪੁਜਾਰਾ ਦੋਵੇਂ ਪਾਰੀਆਂ ਵਿਚ ਤੇਜ਼ ਗੇਂਦਬਾਜ਼ ਦਾ ਸ਼ਿਕਾਰ ਬਣਿਆ। ਇਸ ਨੂੰ ਦੇਖਦੇ ਹੋਏ ਪਹਿਲੇ ਟੈਸਟ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੁਜਾਰਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਦੇ 2018-19 ਦੇ ਪਿਛਲੇ ਆਸਟਰੇਲੀਆਈ ਦੌਰੇ ਵਿਚ ਪੁਜਾਰਾ ਨੇ 4 ਟੈਸਟ ਮੈਚਾਂ ਵਿਚ 3 ਸੈਂਕੜੇ ਲਾਏ ਸਨ ਤੇ ਭਾਰਤ ਨੂੰ 2-1 ਨਾਲ ਸੀਰੀਜ਼ ਜਿੱਤਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਇਸ ਮੈਚ ਵਿਚ ਕਪਤਾਨੀ ਸੰਭਾਲ ਰਹੇ ਭਾਰਤੀ ਟੈਸਟ ਉਪ ਕਪਤਾਨ ਅਜਿਕੰਯ ਰਹਾਨੇ ਨੇ ਪਹਿਲੀ ਪਾਰੀ ਦੇ ਸੈਂਕੜੇ ਤੋਂ ਬਾਅਦ ਦੂਜੀ ਪਾਰੀ ਵਿਚ 79 ਗੇਂਦਾਂ ਵਿਚ ਬਿਨਾਂ ਕਿਸੇ ਬਾਊਂਡਰੀ ਦੇ 28 ਦੌੜਾਂ ਬਣਾਈਆਂ। ਹਨੁਮਾ ਵਿਹਾਰੀ ਨੇ ਵੀ ਕ੍ਰੀਜ਼ 'ਤੇ ਕੁਝ ਸਮਾਂ ਬਿਤਾਇਆ ਤੇ 67 ਗੇਂਦਾਂ ਵਿਚ 3 ਚੌਕਿਆਂ ਦੇ ਸਹਾਰੇ 28 ਦੌੜਾਂ ਬਣਾਈਆਂ।
ਆਸਟਰੇਲੀਆ-ਏ ਦੇ ਤੇਜ਼ ਗੇਂਦਬਾਜ਼ ਮਾਕਰ ਸਟੇਕੇਟੀ ਨੇ ਭਾਰਤੀ ਬੱਲੇਬਾਜ਼ਾਂ 'ਤੇ ਕਹਿਰ ਵਰ੍ਹਾਉਂਦੇ ਹੋਏ 5 ਵਿਕਟਾਂ ਲਈਆਂ। ਸਟੇਕੇਟੀ ਨੇ ਤੇਜ਼ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਜ਼ਾਹਿਰ ਕਰ ਦਿੱਤੀ। ਸਿਰਫ ਸਾਹਾ ਨੇ ਟਿਕ ਕੇ ਖੇਡਦੇ ਹੋਏ ਅਜੇਤੂ ਅਰਧ ਸੈਂਕੜਾ ਬਣਾਇਆ। ਸਟੇਕੇਟੀ ਨੇ ਰਹਾਨੇ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਉਮੇਸ਼ ਯਾਦਵ ਤੇ ਮੁਹੰਮਦ ਸਿਰਾਜ ਨੂੰ ਆਊਟ ਕੀਤਾ। ਅਸ਼ਵਿਨ ਨੇ 8 ਤੇ ਉਮੇਸ਼ ਨੇ 11 ਦੌੜਾਂ ਬਣਾਈਆਂ। ਸਾਹਾ ਦੇ ਨਾਲ ਕਾਰਤਿਕ ਤਿਆਗੀ 2 ਦੌੜਾਂ 'ਤੇ ਅਜੇਤੂ ਰਿਹਾ।


ਨੋਟ- ਸਾਹਾ ਨੇ ਅਜੇਤੂ ਅਰਧ ਸੈਂਕੜੇ ਨਾਲ ਸਾਬਤ ਕੀਤੀ ਫਿਟਨੈੱਸ, ਅਭਿਆਸ ਮੈਚ ਡਰਾਅ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News